ਫੈਕਟ ਸਮਾਚਾਰ ਸੇਵਾ
ਅੰਮ੍ਰਿਤਸਰ , ਜੂਨ 12
ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਬਾਰ ਦੀ ਸ਼ੋਭਾ ਵਧਾਉਣ ਵਾਲੇ ਕੀਮਤੀ ਬਿਜਲਈ ਝੂਮਰ ਨੂੰ ਸ਼ਾਰਟ ਸਰਕਟ ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਝੂਮਰ ਬੰਦ ਹੋਣ ਕਾਰਨ ਦਰਬਾਰ ਦੇ ਅੰਦਰਲੇ ਚਾਨਣ ’ਤੇ ਵੀ ਅਸਰ ਪਿਆ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਗਰਮੀ ਦੇ ਮੌਸਮ ਅਤੇ ਚੱਲ ਰਹੀ ਕਾਰ ਸੇਵਾ ਦੌਰਾਨ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੀ ਮੀਨਾਕਾਰੀ ਅਤੇ ਸੋਨੇ ਦੀ ਸੇਵਾ ਕਾਰਨ ਪਿਛਲੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਸੁਸ਼ੋਭਿਤ ਹੋਣ ਵਾਲੇ ਚੰਦੋਆ ਸਾਹਿਬ ਨੂੰ ਅੱਗੇ ਵੱਲ ਕੀਤਾ ਗਿਆ ਸੀ। ਇਸ ਤਬਦੀਲੀ ਤੋਂ ਬਾਅਦ ਚੰਦੋਆ ਸਾਹਿਬ ਝੂਮਰ ਦੇ ਹੇਠਾਂ ਆ ਗਿਆ ਅਤੇ ਦੋਵਾਂ ਵਿਚਕਾਰ ਨੇੜਤਾ ਬਣ ਗਈ। ਹਾਲ ਹੀ ਵਿੱਚ ਸ਼ਾਰਟ ਸਰਕਟ ਦੀਆਂ ਕੁਝ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਪੱਖੋਂ ਵਧੇਰੇ ਸਾਵਧਾਨੀ ਵਰਤੀ ਜਾ ਰਹੀ ਹੈ।
ਪ੍ਰਬੰਧਕਾਂ ਮੁਤਾਬਕ ਪਹਿਲਾਂ ਝੂਮਰ ਵਿੱਚ ਲੱਗੇ ਰਵਾਇਤੀ ਬਲਬਾਂ ਦੀ ਥਾਂ ਐਲਈਡੀ ਬਲਬ ਲਗਾਏ ਗਏ ਸਨ ਤਾਂ ਜੋ ਬਿਜਲੀ ਦੀ ਖਪਤ ਘਟੇ ਅਤੇ ਗਰਮੈਸ਼ ਵੀ ਘੱਟ ਪੈਦਾ ਹੋਵੇ। ਇਸ ਦੇ ਬਾਵਜੂਦ ਮੌਜੂਦਾ ਸਥਿਤੀ ਨੂੰ ਦੇਖਦਿਆਂ ਝੂਮਰ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਮੇਜਰ ਸਿੰਘ ਨੇ ਦੱਸਿਆ ਕਿ ਚੰਦੋਆ ਸਾਹਿਬ ਦੇ ਝੂਮਰ ਦੇ ਨੇੜੇ ਆ ਜਾਣ ਕਾਰਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਤਤਕਾਲ ਪ੍ਰਭਾਵ ਨਾਲ ਝੂਮਰ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਦਲ ਸਬੰਧੀ ਵਿਚਾਰ-ਵਟਾਂਦਰਾ ਅਤੇ ਲਿਖਤ-ਪੜਤਾਲ ਜਾਰੀ ਹੈ। ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਸੁਝਾਵਾਂ ਅਨੁਸਾਰ ਅਗਲਾ ਫ਼ੈਸਲਾ ਲਿਆ ਜਾਵੇਗਾ।







