ਰਾਂਚੀ, 17 ਜੂਨ (2026): ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਨਿਵਾਰਨਪੁਰ ਇਲਾਕੇ ਵਿੱਚ ਸਥਿਤ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਸੂਬਾਈ ਦਫ਼ਤਰ ‘ਤੇ ਬੀਤੀ ਦੇਰ ਰਾਤ ਪੈਟਰੋਲ ਬੰਬਾਂ ਨਾਲ ਹਮਲਾ ਕਰਨ ਦੀ ਇੱਕ ਬੇਹੱਦ ਸੰਵੇਦਨਸ਼ੀਲ ਅਤੇ ਖ਼ਤਰਨਾਕ ਸਾਜ਼ਿਸ਼ ਸਾਹਮਣੇ ਆਈ ਹੈ। ਹਾਲਾਂਕਿ, ਹਮਲਾਵਰਾਂ ਦੀ ਇਹ ਨਾਪਾਕ ਕੋਸ਼ਿਸ਼ ਪੂਰੀ ਤਰ੍ਹਾਂ ਅਸਫ਼ਲ ਰਹੀ ਅਤੇ ਦਫ਼ਤਰ ਦੇ ਅੰਦਰੂਨੀ ਅਹਾਤੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਸ ਸਨਸਨੀਖੇਜ਼ ਘਟਨਾ ਤੋਂ ਬਾਅਦ ਪੂਰੇ ਰਾਂਚੀ ਸ਼ਹਿਰ ਵਿੱਚ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਹਾਲਾਤ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।
ਰਾਂਚੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਮੁੱਢਲੀ ਜਾਣਕਾਰੀ ਅਨੁਸਾਰ ਅੱਧੀ ਰਾਤ ਨੂੰ ਇੱਕ ਬਾਈਕ ‘ਤੇ ਸਵਾਰ ਹੋ ਕੇ ਆਏ ਦੋ ਸ਼ੱਕੀ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਾਸ (Sauce) ਦੀਆਂ ਖਾਲੀ ਬੋਤਲਾਂ ਵਿੱਚ ਪੈਟਰੋਲ ਭਰ ਕੇ ਉਨ੍ਹਾਂ ਨੂੰ ਬਤੌਰ ਪੈਟਰੋਲ ਬੰਬ ਵਰਤਿਆ ਅਤੇ ਸੰਘ ਦਫ਼ਤਰ ਦੇ ਅੰਦਰ ਸੁੱਟਣ ਦਾ ਯਤਨ ਕੀਤਾ। ਖੁਸ਼ਕਿਸਮਤੀ ਨਾਲ, ਦਫ਼ਤਰ ਦੀ ਚਾਰਦੀਵਾਰੀ ਕਾਫ਼ੀ ਉੱਚੀ ਹੋਣ ਕਾਰਨ ਦੋਵੇਂ ਬੋਤਲਾਂ ਇਮਾਰਤ ਦੇ ਅੰਦਰ ਨਹੀਂ ਜਾ ਸਕੀਆਂ ਅਤੇ ਬਾਹਰ ਸੜਕ ‘ਤੇ ਹੀ ਡਿੱਗ ਪਈਆਂ। ਬੋਤਲਾਂ ਦੇ ਬਾਹਰ ਡਿੱਗਣ ਕਾਰਨ ਉੱਥੇ ਕੋਈ ਵੱਡਾ ਧਮਾਕਾ ਜਾਂ ਅੱਗ ਨਹੀਂ ਲੱਗੀ, ਜਿਸ ਸਬੱਬ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਟਲ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਰਾਂਚੀ ਪੁਲਿਸ ਦੇ ਸੀਨੀਅਰ ਅਧਿਕਾਰੀ ਪੁਲਿਸ ਫੋਰਸ ਅਤੇ ਐਫਐਸਐਲ (FSL) ਦੀ ਫੋਰੈਂਸਿਕ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਪੂਰੇ ਨਿਵਾਰਨਪੁਰ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦਫ਼ਤਰ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਕਈ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ ਹੈ, ਜਦਕਿ ਸਥਾਨਕ ਲੋਕਾਂ ਨੂੰ ਕਿਸੇ ਵੀ ਅਫ਼ਵਾਹ ‘ਤੇ ਯਕੀਨ ਨਾ ਕਰਨ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ।
ਇਸ ਘਟਨਾ ਤੋਂ ਬਾਅਦ ਝਾਰਖੰਡ ਦੀ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ ਹੈ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂਆਂ ਨੇ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਝਾਰਖੰਡ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਬਾਬੂ ਲਾਲ ਮਰਾਂਡੀ ਨੇ ਪੁਲਿਸ ਪ੍ਰਸ਼ਾਸਨ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਰਾਤ ਦੇ ਕਰੀਬ 12:36 ਵਜੇ ਬਾਈਕ ਸਵਾਰ ਦੋ ਨੌਜਵਾਨ ਦੋ ਵਾਰ ਆਏ ਅਤੇ ਪੈਟਰੋਲ ਬੰਬ ਸੁੱਟ ਕੇ ਬੜੀ ਆਸਾਨੀ ਨਾਲ ਫ਼ਰਾਰ ਹੋ ਗਏ, ਜੋ ਕਿ ਬੇਹੱਦ ਗੰਭੀਰ ਮਾਮਲਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਰਐਸਐਸ ਦਫ਼ਤਰ ‘ਤੇ ਹੋਇਆ ਇਹ ਹਮਲਾ ਸਪੱਸ਼ਟ ਕਰਦਾ ਹੈ ਕਿ ਸੂਬੇ ਵਿੱਚ ਕਿਸੇ ਵੱਡੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਦੂਜੇ ਪਾਸੇ ਕੇਂਦਰੀ ਮੰਤਰੀ ਸੰਜੇ ਸੇਠ ਨੇ ਵੀ ਇਸ ਘਟਨਾ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰ ਦੇ ਬਿਲਕੁਲ ਵਿਚਕਾਰ ਅਜਿਹੀ ਦਲੇਰੀ ਦਿਖਾਉਣਾ ਕਿਸੇ ਵੱਡੇ ਨੈੱਟਵਰਕ ਅਤੇ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਸੂਬੇ ਦੇ ਡੀਜੀਪੀ ਅਤੇ ਡਿਪਟੀ ਕਮਿਸ਼ਨਰ ਨਾਲ ਸਿੱਧੀ ਗੱਲਬਾਤ ਕਰਕੇ ਰਾਜਧਾਨੀ ਰਾਂਚੀ ਵਿੱਚ ਅਸ਼ਾਂਤੀ ਫੈਲਾਉਣ ਦੀ ਇਸ ਯੋਜਨਾ ਦੇ ਮੂਲ ਕਾਰਨਾਂ ਅਤੇ ਇਸ ਦੇ ਪਿੱਛੇ ਛਿਪੇ ਚਿਹਰਿਆਂ ਦਾ ਪਰਦਾਫਾਸ਼ ਕਰਨ ਦੀ ਮੰਗ ਕੀਤੀ ਹੈ।







