ਫੈਕਟ ਸਮਾਚਾਰ ਸੇਵਾ
ਮੁੰਬਈ , ਮਾਰਚ 23
ਫਰਹਾਨ ਅਖਤਰ ਲੰਬੇ ਸਮੇਂ ਬਾਅਦ ਨਿਰਦੇਸ਼ਕ ਵਜੋਂ ਵਾਪਸੀ ਕਰਨ ਜਾ ਰਹੇ ਹਨ। ਇਸ ਫਿਲਮ ਦਾ ਨਾਂ ਹੈ ‘ਜੀ ਲੇ ਜ਼ਰਾ’ ਹੈ। ਫਿਲਮ ‘ਚ ਪ੍ਰਿਅੰਕਾ ਚੋਪੜਾ ਜੋਨਸ, ਆਲੀਆ ਭੱਟ ਅਤੇ ਕੈਟਰੀਨਾ ਕੈਫ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੀਆਂ ਹਨ। ਇਸ ਫਿਲਮ ਦਾ ਐਲਾਨ ਕਾਫੀ ਸਮਾਂ ਪਹਿਲਾਂ ਕੀਤਾ ਗਿਆ ਸੀ ਪਰ ਹੁਣ ਇਕ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ ਫਿਲਮ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਫਰਹਾਨ ਅਖਤਰ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ।
ਫਰਹਾਨ ਨੇ ਆਪਣੇ ਇੰਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਰੇਗਿਸਤਾਨ ਵਿੱਚ ਖੜੇ ਦਿਖਾਈ ਦੇ ਰਹੇ ਹਨ। ਇਸ ਫੋਟੋ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ”ਸੋਨੇ (ਗੋਲਡ) ਦੀ ਭਾਲ ‘ਚ।” ਤੁਹਾਨੂੰ ਦੱਸ ਦੇਈਏ ਕਿ ਫਰਹਾਨ ਇਸ ਸਮੇਂ ਇਸ ਫਿਲਮ ਲਈ ਲੋਕੇਸ਼ਨ ਦੀ ਤਲਾਸ਼ ‘ਚ ਰਾਜਸਥਾਨ ‘ਚ ਹਨ। ਉਨ੍ਹਾਂ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਦੀਆਂ ਪ੍ਰਤੀਕਿਰਿਆਵਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਇਸ ਫਿਲਮ ਦੀ ਗੱਲ ਕਰੀਏ ਤਾਂ ਫਰਹਾਨ ਨੇ ਆਪਣੀ ਭੈਣ ਜ਼ੋਆ ਅਖਤਰ ਅਤੇ ਰੀਮਾ ਕਾਗਤੀ ਦੇ ਨਾਲ ਮਿਲ ਕੇ ਲਿਖੀ ਹੈ। ਇਸ ਦੇ ਨਾਲ ਹੀ ਇਹ ਐਕਸਲ ਐਂਟਰਟੇਨਮੈਂਟ ਅਤੇ ਟਾਈਗਰ ਬੇਬੀ ਦੇ ਬੈਨਰ ਹੇਠ ਬਣਨ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਐਕਸਲ ਐਂਟਰਟੇਨਮੈਂਟ ਦੇ ਤਹਿਤ ਹੁਣ ਤੱਕ ਕਈ ਸੁਪਰਹਿੱਟ ਫਿਲਮਾਂ ਬਣ ਚੁੱਕੀਆਂ ਹਨ। ਫਰਹਾਨ ਨੇ ਆਖਰੀ ਵਾਰ 2011 ‘ਚ ‘ਡੌਨ 2’ ‘ਚ ਸ਼ਾਹਰੁਖ ਦਾ ਨਿਰਦੇਸ਼ਨ ਕੀਤਾ ਸੀ। ਹੁਣ ਉਹ ਇਸ ਫਿਲਮ ਰਾਹੀਂ 12 ਸਾਲ ਬਾਅਦ ਜ਼ੋਰਦਾਰ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।







