ਫੈਕਟ ਸਮਾਚਾਰ ਸੇਵਾ
ਰੂਪਨਗਰ, ਜੁਲਾਈ 12
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਮਦਦ ਤੇ ਰਾਹਤ ਦੇਣ ਲਈ 33.50 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਦੇ ਮੁੱਖ ਮੰਤਰੀ ਵਲੋਂ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਅੱਜ 71 ਕਰੋੜ ਰੁਪਏ ਦੀ ਰਾਸ਼ੀ ਅੱਜ ਜਾਰੀ ਕੀਤੀ ਜਾਵੇਗੀ। ਜਿਸ ਨਾਲ ਡਿਪਟੀ ਕਮਿਸ਼ਨਰ ਵਲੋਂ ਐਂਮਰਜੈਸੀ ਹਾਲਾਤਾਂ ਵਿੱਚ ਫੌਰੀ ਤੌਰ ‘ਤੇ ਖ਼ਰਚ ਕੀਤਾ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਹੋਏ ਮਾਲੀ ਨੁਕਸਾਨ ਦੀ ਪੰਜਾਬ ਸਰਕਾਰ ਵਲੋਂ ਰਿਪੋਰਟ ਪ੍ਰਾਪਤ ਕਰਨ ਉਪਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਮ੍ਰਿਤਕ ਪਰਿਵਾਰਾਂ ਦੇ ਵਾਰਸਾਂ ਨੂੰ ਵਿਭਾਗ ਵਲੋਂ 4 ਲੱਖ ਰੁਪਏ ਦੀ ਮਾਲੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਜੌਲੀ ਹੈੱਡਵਰਕਸ ਸਾਡਾ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿੱਥੋਂ ਮੋਹਾਲੀ, ਚੰਡੀਗੜ੍ਹ ਅਤੇ ਗਮਾਡਾ ਨੂੰ ਪੀਣ ਵਾਲਾ ਪਾਣੀ ਇੱਥੇ ਤੋਂ ਹੀ ਸਪਲਾਈ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਸਤਲੁੱਜ ਤੇ ਸਿਸਵਾਂ ਡੈਮ ਤੋਂ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਕਜੌਲੀ ਹੈੱਡਵਰਕਸ ਵੀ ਖ਼ਤਰੇ ਵਿੱਚ ਸੀ ਜਿਸ ਸਬੰਧੀ ਫੌਰੀ ਕਾਰਵਾਈ ਕਰਦੇ ਹੋਏ ਦਾ ਮੁੱਖ ਮੰਤਰੀ ਸਾਹਿਬ ਅਤੇ ਉਨ੍ਹਾਂ ਵਲੋਂ ਦੌਰਾ ਕੀਤਾ ਗਿਆ ਅਤੇ ਸਥਿਤੀ ਤੇ ਕਾਬੂ ਪਾਇਆ। ਉਨ੍ਹਾਂ ਇਸ ਮੌਕੇ ਮਾਜਰੀ ਰੋਡ ਦੀ ਸੜਕ ਉਤੇ ਪਿਆ ਪਾੜ ਜਿਸ ਨਾਲ ਬਸੰਤ ਨਗਰ ਪ੍ਰਭਾਵਿਤ ਹੋਇਆ ਦਾ ਦੌਰਾ ਕੀਤਾ, ਇਸ ਤੋਂ ਪਹਿਲਾਂ ਬੰਦੇ ਮਾਹਲਾਂ ਵਿਖੇ ਚਮਕੌਰ ਸਾਹਿਬ ਦੀ ਰੋਡ ਉਤੇ ਵੀ ਪਾੜ ਹੋਏ ਨੁਕਸਾਨ ਦਾ ਜਾਇਜ਼ਾ ਲਿਆ।
ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨਾਲ ਡਟ ਕੇ ਖੜ੍ਹੀ ਹੈ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਹਰ ਪ੍ਰਕਾਰ ਨਾਲ ਮਦਦ ਕੀਤੀ ਜਾਵੇਗੀ।
ਉਨ੍ਹਾਂ ਇਸ ਮੌਕੇ ਕਿਹਾ ਕਿ ਇਨ੍ਹਾਂ ਨਾਜ਼ੁਕ ਹਲਾਤਾਂ ਮੌਕੇ ‘ਤੇ ਸਾਨੂੰ ਸਾਰੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਗਰਾਊਂਡ ਪੱਧਰ ‘ਤੇ ਕੰਮ ਕਰਨ ਚਾਹੀਦਾ ਤਾਂ ਜੋ ਇਸ ਨਾਲ ਵੱਧ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਮੁੜ ਲੀਂਹ ‘ਤੇ ਲਿਆਂਦਾ ਜਾ ਸਕੇ।







