ਹਿਮਾਚਲ ‘ਚ ਮੰਗਲਵਾਰ ਰਾਤ ਨੂੰ ਤੇਜ਼ ਤੂਫਾਨ, ਭਾਰੀ ਗੜੇਮਾਰੀ ਅਤੇ ਬਾਰਿਸ਼ ਹੋਈ, ਜਦਕਿ ਲਾਹੌਲ ਅਤੇ ਚੰਬਾ ‘ਚ ਬੁੱਧਵਾਰ ਨੂੰ ਬਰਫਬਾਰੀ ਹੋਈ। ਇਸ ਦੇ ਨਾਲ ਹੀ ਮੰਗਲਵਾਰ ਦੇਰ ਰਾਤ ਪੰਜਾਬ ‘ਚ ਤੂਫਾਨ ਅਤੇ ਮੀਂਹ ਕਾਰਨ ਕਈ ਦਰੱਖਤ ਅਤੇ ਬਿਜਲੀ ਦੇ ਖੰਭੇ ਉੱਖੜ ਗਏ। ਸੰਗਰੂਰ ਵਿੱਚ ਇੱਕ ਉਸਾਰੀ ਅਧੀਨ ਮਕਾਨ ਦੀ ਕੰਧ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਦੂਜੇ ਪਾਸੇ ਮੰਗਲਵਾਰ ਦੇਰ ਰਾਤ ਅਤੇ ਬੁੱਧਵਾਰ ਤੜਕੇ ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਕੁਝ ਇਲਾਕਿਆਂ ‘ਚ ਗੜੇ ਵੀ ਪਏ। 30-40 ਕਿ.ਮੀ. ਇੱਕ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੀ। ਇਸ ਕਾਰਨ 455 ਦਰੱਖਤ ਅਤੇ 330 ਬਿਜਲੀ ਦੇ ਖੰਭੇ ਡਿੱਗ ਗਏ। ਸਿਰਸਾ ਵਿੱਚ ਵੀ 10 ਟਰਾਂਸਫਾਰਮਰ ਡਿੱਗ ਪਏ ਹਨ। ਇਸ ਕਾਰਨ ਕਈ ਘੰਟੇ ਬਿਜਲੀ ਸਪਲਾਈ ਠੱਪ ਰਹੀ। ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਵਿੱਚ ਆਈ ਤਬਦੀਲੀ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 10 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।







