ਫੈਕਟ ਸਮਾਚਾਰ ਸੇਵਾ
ਸੋਨੀਪਤ , ਮਈ 7
ਦਿੱਲੀ ਦੇ ਟਿੱਕਰੀ ਬਾਰਡਰ ‘ਤੇ ਅੱਜ ਇਕ ਵਾਰ ਫਿਰ ਕਿਸਾਨ ਅਤੇ ਦਿੱਲੀ ਪੁਲੀਸ ਆਹਮੋ-ਸਾਹਮਣੇ ਹੋ ਗਏ। ਦਿੱਲੀ ਪੁਲਿਸ ਨੇ ਟਿਕਰੀ ਬਾਰਡਰ ‘ਤੇ ਮਹਿਲਾ ਪਹਿਲਵਾਨਾਂ ਦੇ ਸਮਰਥਨ ਲਈ ਜੰਤਰ-ਮੰਤਰ ਲਈ ਨਿਕਲੇ ਕਿਸਾਨਾਂ ਦੇ ਜੱਥੇ ਨੂੰ ਰੋਕ ਦਿੱਤਾ। ਪਰ ਮਹਿਲਾ ਕਿਸਾਨ ਦਿੱਲੀ ਪੁਲਿਸ ਦੇ ਨਾਕਿਆਂ ਨੂੰ ਤੋੜ ਕੇ ਪੈਦਲ ਹੀ ਅੱਗੇ ਵਧੀਆਂ। ਮਹਿਲਾ ਕਿਸਾਨਾਂ ਨੇ MCD ਦੇ ਵਪਾਰਕ ਟੋਲ ਪਲਾਜ਼ਾ ‘ਤੇ ਜਾ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਰੋਡ ਜਾਮ ਕਰ ਦਿੱਤਾ। ਜਿਸ ਤੋਂ ਬਾਅਦ ਦਿੱਲੀ ਪੁਲਿਸ ਦੇ ਹੱਥ-ਪੈਰ ਫੁੱਲ ਗਏ ਅਤੇ ਕਾਹਲੀ ਵਿੱਚ ਮਹਿਲਾ ਕਿਸਾਨਾਂ ਦੇ ਜਥੇ ਨੂੰ ਅੱਗੇ ਵਧਣ ਦਿੱਤਾ ਗਿਆ।
ਦੱਸ ਦੇਈਏ ਕਿ ਲੱਗਭੱਗ 10 ਬੱਸਾਂ ‘ਚ ਸਵਾਰ ਹੋ ਕੇ ਮਹਿਲਾ ਕਿਸਾਨ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਜੰਤਰ-ਮੰਤਰ ਲਈ ਆਏ ਹਨ। ਕਿਸਾਨ ਆਪਣੇ ਨਾਲ ਵੀ ਰਸਦ ਲੈ ਕੇ ਪਹੁੰਚੇ ਸਨ।
ਮਹਿਲਾ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਭਾਰਤੀ ਕੁਸ਼ਤੀ ਮਹਾਸੰਘ ਦੇ ਕੌਮੀ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕਰਨਾ ਪਵੇਗਾ। ਮਹਿਲਾ ਪਹਿਲਵਾਨ ਲਗਾਤਾਰ ਵਿਰੋਧ ਕਰ ਰਹੀਆਂ ਹਨ ਅਤੇ ਸਟੇਜ ਤੋਂ ਦੱਸ ਰਹੀਆਂ ਹਨ ਕਿ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਹੋਇਆ ਹੈ। ਅਜਿਹੇ ‘ਚ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਔਰਤਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਹ ਉੱਥੇ ਹੀ ਰੁਕ ਜਾਣਗੀਆਂ। ਫਿਲਹਾਲ ਉਹ ਇੱਕ ਦਿਨ ਦੇ ਪ੍ਰਦਰਸ਼ਨ ਲਈ ਦਿੱਲੀ ਆਈਆਂ ਹਨ।







