ਫੈਕਟ ਸਮਾਚਾਰ ਸੇਵਾ
ਚੰਬਾ, ਅਕਤੂਬਰ 10
ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਮੇਤ ਉੱਚੀਆਂ ਚੋਟੀਆਂ ‘ਤੇ ਤਾਜ਼ਾ ਬਰਫਬਾਰੀ ਹੋਈ ਹੈ। ਇਸ ਤੋਂ ਇਲਾਵਾ ਰਾਜਧਾਨੀ ਸ਼ਿਮਲਾ ‘ਚ ਰਾਤ ਨੂੰ ਹਲਕੀ ਬਾਰਿਸ਼ ਹੋਈ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਅੱਜ ਵੀ ਕਈ ਥਾਵਾਂ ‘ਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਦਕਿ ਉੱਚੀਆਂ ਚੋਟੀਆਂ ‘ਤੇ ਬਰਫਬਾਰੀ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 14-15 ਅਕਤੂਬਰ ਨੂੰ ਪੱਛਮੀ ਗੜਬੜੀ ਦੀ ਗਤੀਵਿਧੀ ਕਾਰਨ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ। ਚੰਬਾ ਜ਼ਿਲ੍ਹੇ ਵਿੱਚ ਸੋਮਵਾਰ ਅੱਧੀ ਰਾਤ ਨੂੰ ਮੌਸਮ ਬਦਲ ਗਿਆ। ਮੌਸਮ ਬਦਲਦੇ ਹੀ ਕਬਾਇਲੀ ਖੇਤਰ ਭਰਮੌਰ-ਪਾਂਗੀ ਦੀਆਂ ਉਪਰਲੀਆਂ ਚੋਟੀਆਂ ‘ਤੇ 10 ਤੋਂ 12 ਇੰਚ ਤਾਜ਼ਾ ਬਰਫਬਾਰੀ ਹੋਈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਹੇਠਲੇ ਇਲਾਕਿਆਂ ਵਿੱਚ ਮੀਂਹ ਪੈਣ ਮਗਰੋਂ ਠੰਢ ਵਧ ਗਈ ਹੈ। ਦੂਜੇ ਪਾਸੇ ਧੌਲਾਧਾਰ ਦੀਆਂ ਪਹਾੜੀਆਂ ‘ਤੇ ਵੀ ਹਲਕੀ ਬਰਫ਼ਬਾਰੀ ਹੋਈ ਹੈ।
ਠੰਡ ਤੋਂ ਬੱਚਣ ਲਈ ਲੋਕ ਗਰਮ ਕਪੜੇ ਪਹਿਨ ਕੇ ਘਰੋਂ ਬਾਹਰ ਨਿਕਲਦੇ ਦੇਖੇ ਗਏ। ਕੁੱਲ ਮਿਲਾ ਕੇ ਜ਼ਿਲ੍ਹੇ ਵਿੱਚ ਹਲਕੀ ਬਰਸਾਤ ਅਤੇ ਬਰਫ਼ਬਾਰੀ ਕਾਰਨ ਠੰਢ ਵਿੱਚ ਕਾਫੀ ਵਾਧਾ ਹੋਇਆ ਹੈ। ਮਨਾਲੀ – ਲੇਹ ਮਾਰਗ ‘ਤੇ ਵੀ ਹੁਣ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਸੋਮਵਾਰ ਰਾਤ ਨੂੰ ਰਣਨੀਤਕ ਤੌਰ ‘ਤੇ ਮਹੱਤਵਪੂਰਨ ਮਨਾਲੀ-ਲੇਹ ਸੜਕ ਨੂੰ ਤਾਜ਼ਾ ਬਰਫਬਾਰੀ ਕਾਰਨ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਦੋਵੇਂ ਪਾਸੇ 100 ਤੋਂ ਵੱਧ ਵਾਹਨ ਫਸੇ ਹੋਏ ਹਨ। ਮਨਾਲੀ ਤੋਂ ਲੇਹ ਜਾਣ ਵਾਲੇ ਸਾਰੇ ਵਾਹਨਾਂ ਨੂੰ ਦਾਰਚਾ ਵਿਖੇ ਅਤੇ ਲੇਹ ਤੋਂ ਆਉਣ ਵਾਲੇ ਵਾਹਨਾਂ ਨੂੰ ਸਰਚੂ ਵਿਖੇ ਰੋਕ ਦਿੱਤਾ ਗਿਆ ਹੈ। ਮਨਾਲੀ-ਲੇਹ ਰੋਡ ‘ਤੇ ਜਿੰਗਜਿੰਗਬਾਰ ਅਤੇ ਬਰਾਲਾਚਾ ‘ਚ 20 ਸੈਂਟੀਮੀਟਰ ਤਾਜ਼ਾ ਬਰਫਬਾਰੀ ਹੋਈ ਹੈ। ਇਸ ਦੇ ਨਾਲ ਹੀ ਕਬਾਇਲੀ ਜ਼ਿਲੇ ਲਾਹੌਲ-ਸਪੀਤੀ ਦੇ ਰਿਹਾਇਸ਼ੀ ਇਲਾਕਿਆਂ ‘ਚ ਵੀ ਬਰਫਬਾਰੀ ਹੋਈ ਹੈ।







