ਦੇਹਰਾਦੂਨ : ਅੰਕਿਤਾ ਭੰਡਾਰੀ ਦੀ ਲਾਸ਼ ਰਿਸ਼ੀਕੇਸ਼ ਦੀ ਚਿੱਲਾ ਨਹਿਰ ਤੋਂ ਬਰਾਮਦ ਹੋਈ ਹੈ। SDRF ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਲਾਸ਼ ਦੀ ਪਛਾਣ ਲਈ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਗਿਆ ਹੈ। ਰਿਜ਼ੋਰਟ ਦੇ ਮਾਲਕ ਪੁਲਕਿਤ ਆਰੀਆ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿੱਥੇ ਉਹ ਕੰਮ ਕਰਦੀ ਸੀ।
ਰਿਸ਼ੀਕੇਸ਼ ਵਿੱਚ ਅੰਕਿਤਾ ਭੰਡਾਰੀ ਦੇ ਕਤਲ ਦੀ ਖਬਰ ਨੇ ਸਨਸਨੀ ਫੈਲਾ ਦਿੱਤੀ ਹੈ। ਉੱਤਰਾਖੰਡ SDRF ਨੇ ਸ਼ਨੀਵਾਰ ਸਵੇਰੇ ਰਿਸ਼ੀਕੇਸ਼ ਦੀ ਚਿੱਲਾ ਨਹਿਰ ਤੋਂ ਅੰਕਿਤਾ ਭੰਡਾਰੀ ਦੀ ਲਾਸ਼ ਬਰਾਮਦ ਕੀਤੀ ਹੈ। SDRF ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਅੰਕਿਤਾ ਭੰਡਾਰੀ ਦੀ ਲਾਸ਼ ਚਿੱਲਾ ਨਹਿਰ ‘ਚੋਂ ਬਰਾਮਦ ਕੀਤੀ ਗਈ ਹੈ।
ਰਿਸ਼ੀਕੇਸ਼ ਦੇ ਐਡੀਸ਼ਨਲ ਪੁਲਿਸ ਸੁਪਰਡੈਂਟ ਸ਼ੇਖਰ ਸੁਆਲ ਨੇ ਦੱਸਿਆ ਕਿ ਮ੍ਰਿਤਕ ਦਾ ਭਰਾ ਅਤੇ ਪਿਤਾ ਮੇਰੇ ਨਾਲ ਸਨ ਅਤੇ ਉਨ੍ਹਾਂ ਨੇ ਲਾਸ਼ ਦੀ ਪਛਾਣ ਕਰ ਲਈ ਹੈ। ਬੈਰਾਜ ‘ਚੋਂ ਮਿਲੀ ਲਾਸ਼ ਅੰਕਿਤਾ ਭੰਡਾਰੀ ਦੀ ਹੈ। ਐਸਡੀਆਰਐਫ ਅਧਿਕਾਰੀ ਨੇ ਦੱਸਿਆ ਕਿ ਸਵੇਰੇ 7 ਵਜੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਸਾਨੂੰ ਇੱਥੇ ਇੱਕ ਔਰਤ ਦੀ ਲਾਸ਼ ਮਿਲੀ, ਜਿਸ ਨੂੰ ਬਰਾਮਦ ਕਰ ਲਿਆ ਗਿਆ। ਉਸ ਦਾ ਪਰਿਵਾਰ ਇੱਥੇ ਪਛਾਣ ਲਈ ਆਇਆ ਸੀ। ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਇਹ ਅੰਕਿਤਾ ਭੰਡਾਰੀ ਦੀ ਲਾਸ਼ ਹੈ। ਲਾਸ਼ ਨੂੰ ਏਮਜ਼ ਰਿਸ਼ੀਕੇਸ਼ ਲਿਜਾਇਆ ਗਿਆ ਹੈ।
ਉੱਤਰਾਖੰਡ ਦੇ ਸੀਐਮ ਪੁਸ਼ਕਰ ਸਿੰਘ ਧਾਮੀ ਨੇ ਟਵੀਟ ਕਰਕੇ ਲਿਖਿਆ ਕਿ ਅੱਜ ਬੇਟੀ ਅੰਕਿਤਾ ਦੀ ਲਾਸ਼ ਬਰਾਮਦ ਹੋਈ ਹੈ। ਇਸ ਦਿਲ ਦਹਿਲਾਉਣ ਵਾਲੀ ਘਟਨਾ ਨਾਲ ਮੇਰਾ ਦਿਲ ਬਹੁਤ ਦੁਖੀ ਹੈ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਇਸ ਗੰਭੀਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਪੀ.ਰੇਣੂਕਾ ਦੇਵੀ ਦੀ ਅਗਵਾਈ ਹੇਠ ਇੱਕ ਐਸ.ਆਈ.ਟੀ. ਗਠਤ ਕੀਤੀ ਹੈ।
ਦੱਸ ਦੇਈਏ ਕਿ ਪੰਜ ਦਿਨਾਂ ਤੋਂ ਲਾਪਤਾ ਅੰਕਿਤਾ ਭੰਡਾਰੀ ਦਾ ਨਹਿਰ ਵਿੱਚ ਧੱਕਾ ਦੇ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਦਾ ਖ਼ੁਲਾਸਾ ਕਰਦਿਆਂ ਪੁਲੀਸ ਨੇ ਕਤਲ ਦਾ ਕੇਸ ਦਰਜ ਕਰਕੇ ਰਿਜ਼ੋਰਟ ਦੇ ਸੰਚਾਲਕ ਸਾਬਕਾ ਰਾਜ ਮੰਤਰੀ ਦੇ ਪੁੱਤਰ ਪੁਲਕਿਤ ਆਰੀਆ ਅਤੇ ਉਸ ਦੇ ਦੋ ਮੈਨੇਜਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।







