ਫੈਕਟ ਸਮਾਚਾਰ ਸੇਵਾ
ਮਾਛੀਵਾੜਾ ਸਾਹਿਬ , ਜੂਨ 12
ਬੀਤੀ ਦੇਰ ਰਾਤ ਮਾਛੀਵਾੜਾ-ਸਮਰਾਲਾ ਰੋਡ ’ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ’ਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਉਸ ਵਿਚ ਪਏ ਕੰਪਿਊਟਰ, ਫਰਨੀਚਰ ਸਭ ਕੁਝ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ 11 ਵਜੇ ਪੰਜਾਬ ਨੈਸ਼ਨਲ ਬੈਂਕ ਦੀ ਇਮਾਰਤ ’ਚੋਂ ਲੋਕਾਂ ਨੇ ਧੂੰਆਂ ਨਿਕਲਦਿਆਂ ਦੇਖਿਆ ਜਿਸ ’ਤੇ ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਬੈਂਕ ਨੇੜੇ ਹੀ ਸਥਿਤ ਪੁਲੀਸ ਥਾਣੇ ’ਚੋਂ ਅਧਿਕਾਰੀ ਮੌਕੇ ’ਤੇ ਪੁੱਜ ਗਏ ਜਿਨ੍ਹਾਂ ਬੈਂਕ ਵਾਲਿਆਂ ਨੂੰ ਸੂਚਿਤ ਕਰ ਕੇ ਉੱਥੇ ਬੁਲਾ ਕੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਜਦੋਂ ਬੈਂਕ ਦਾ ਸ਼ਟਰ ਖੋਲ੍ਹਿਆ ਤਾਂ ਅੰਦਰ ਧੂੰਆਂ ਹੀ ਧੂੰਆਂ ਫੈਲਿਆ ਹੋਇਆ ਸੀ ਅਤੇ ਅੱਗ ਫੈਲੀ ਹੋਈ ਸੀ।
ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫੀ ਮੁਸ਼ੱਕਤ ਨਾਲ ਅੱਗ ’ਤੇੇ ਕਾਬੂ ਪਾਇਆ ਅਤੇ ਕਰੀਬ 4 ਗੱਡੀਆਂ ਇਸ ਕੰਮ ਵਿਚ ਤੜਕੇ ਤੱਕ ਜੁਟੀਆਂ ਰਹੀਆਂ। ਅੱਗ ਦੇ ਕਾਰਨਾਂ ਦਾ ਸਪੱਸ਼ਟ ਪਤਾ ਤਾਂ ਨਹੀਂ ਲੱਗ ਸਕਿਆ ਪਰ ਇਸ ਨਾਲ ਬੈਂਕ ਦਾ ਸਾਰਾ ਫਰਨੀਚਰ, ਕੰਪਿਊਟਰ ਅਤੇ ਛੱਤ ਦੀ ਸੀਲਿੰਗ ਸੜ ਕੇ ਸੁਆਹ ਹੋ ਗਿਆ। ਅੱਗ ਬੈਂਕ ਇਮਾਰਤ ਦੇ ਪਿੱਛੇ ਪਏ ਲਾਕਰਾਂ ਅਤੇ ਕੈਸ਼ ਵਾਲੇ ਸਟਰਾਂਗ ਰੂਮ ਤੱਕ ਨਹੀਂ ਪਹੁੰਚ ਸਕੀ ਜਿਸ ਕਾਰਨ ਇਨ੍ਹਾਂ ਦਾ ਬਚਾਅ ਹੋ ਗਿਆ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਨਾਲ ਫਿਲਹਾਲ ਸਾਖ਼ਾ ਦਾ 2 ਜਾਂ 3 ਦਿਨ ਲੈਣ-ਦੇਣ ਬੰਦ ਰਹੇਗਾ ਅਤੇ ਜਲਦ ਹੀ ਬੈਂਕ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾ ਦਿੱਤਾ ਜਾਵੇਗਾ। ਪੰਜਾਬ ਨੈਸ਼ਨਲ ਬੈਂਕ ਦੇ ਲਾਕਰਾਂ ਵਿਚ ਲੋਕਾਂ ਦਾ ਕੀਮਤੀ ਸਮਾਨ ਪਿਆ ਸੀ ਤਾਂ ਜਦੋਂ ਉਨ੍ਹਾਂ ਨੂੰ ਸਵੇਰੇ ਬੈਂਕ ’ਚ ਅੱਗ ਲੱਗਣ ਬਾਰੇ ਪਤਾ ਲੱਗਾ ਤਾਂ ਉਹ ਤੁਰੰਤ ਬੈਂਕ ਪਹੁੰਚੇ ਜਿੱਥੇ ਅਧਿਕਾਰੀਆਂ ਨੇ ਦੱਸਿਆ ਕਿ ਲਾਕਰ ਸੁਰੱਖਿਅਤ ਹਨ ਤਾਂ ਉਨ੍ਹਾਂ ਨੂੰ ਸੁੱਖ ਦਾ ਸਾਹ ਆਇਆ। ਇਹ ਅੱਗ ਬੈਂਕ ਦੇ ਨਾਲ ਲੱਗੀ ਏਟੀਐੱਮ ਮਸ਼ੀਨ ਦੇ ਕੈਬਿਨ ਤੱਕ ਵੀ ਪਹੁੰਚ ਗਈ ਸੀ ਪਰ ਮਸ਼ੀਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਜਦਕਿ ਉਸ ਦੀ ਛੱਤ ’ਤੇ ਲੱਗੀ ਸੀਲਿੰਗ ਨੁਕਸਾਨੀ ਗਈ।







