ਬਠਿੰਡਾ ਤੋਂ ਹਿੰਡਨ ਲਈ ਫਲਾਈਟ ਪਹਿਲੇ ਦਿਨ ਹੀ ਹੋਈ ਰੱਦ

ਫੈਕਟ ਸਮਾਚਾਰ ਸੇਵਾ

ਬਠਿੰਡਾ , ਸਤੰਬਰ 14

ਸਾਢੇ ਤਿੰਨ ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਬਠਿੰਡਾ ਤੋਂ ਗਾਜ਼ੀਆਬਾਦ ਦੇ ਹਿੰਡਨ ਏਅਰਪੋਰਟ ਲਈ ਪਹਿਲੀ ਟੈਸਟਿੰਗ ਉਡਾਣ ਤਕਨੀਕੀ ਕਾਰਨਾਂ ਕਰ ਕੇ ਰੱਦ ਕਰ ਦਿੱਤੀ ਗਈ। ਇਸ ਫਲਾਈਟ ਵਿਚ ਯਾਤਰੀਆਂ ਨੂੰ ਵੀ ਲਿਜਾਇਆ ਜਾਣਾ ਸੀ ਪਰ ਯਾਤਰੀਆਂ ਨੂੰ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਫਲਾਈਟ ਰੱਦ ਹੋਣ ਦੀ ਸੂਚਨਾ ਦਿੱਤੀ ਗਈ। ਪਹਿਲਾਂ ਫਲਾਈਟ ਦਾ ਸਮਾਂ ਦੁਪਹਿਰ 12:30 ਵਜੇ ਸੀ ਪਰ ਬਾਅਦ ਵਿਚ ਇਸ ਦਾ ਸਮਾਂ 3 ਵਜੇ ਦਾ ਕਰ ਦਿੱਤਾ ਗਿਆ ਅਤੇ ਯਾਤਰੀਆਂ ਦੇ ਬੋਰਡਿੰਗ ਪਾਸ ’ਤੇ 2 ਵਜੇ ਦਾ ਸਮਾਂ ਦਿੱਤਾ ਗਿਆ। ਅਜਿਹੇ ’ਚ ਜਦੋਂ ਯਾਤਰੀ 2 ਵਜੇ ਏਅਰਪੋਰਟ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਫਲਾਈਟ ਰਵਾਨਾ ਨਹੀਂ ਹੋਵੇਗੀ। ਹਾਲਾਂਕਿ ਸੋਮਵਾਰ ਤੋਂ ਨਿਯਮਿਤ ਰੂਪ ’ਚ ਉਡਾਣਾਂ ਚਲਾਉਣ ਦੀ ਗੱਲ ਚੱਲ ਰਹੀ ਹੈ। ਅਜਿਹੇ ’ਚ ਸਵਾਲ ਇਹ ਉੱਠਦਾ ਹੈ ਕਿ ਜੇ ਟੈਸਟਿੰਗ ਫਲਾਈਟ ਹੀ ਸਹੀ ਢੰਗ ਨਾਲ ਨਹੀਂ ਚੱਲਦੀ ਤਾਂ ਬਾਅਦ ’ਚ ਇਸ ਨੂੰ ਕਿਵੇਂ ਚਲਾਇਆ ਜਾਵੇਗਾ।

ਦੂਜੇ ਪਾਸੇ ਫਲਾਈਟ ਚਲਾਉਣ ਵਾਲੀ ਫਲਾਈਬਿਗ ਕੰਪਨੀ ਦੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਪੂਰਾ ਰਿਫੰਡ ਦੇਣ ਦਾ ਭਰੋਸਾ ਦਿੱਤਾ ਹੈ ਪਰ ਹਵਾਈ ਅੱਡੇ ’ਤੇ ਆਉਣ ਵਾਲੇ ਯਾਤਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਕੋਈ ਵੀ ਸਥਿਤੀ ਸਪੱਸ਼ਟ ਨਹੀਂ ਕਰ ਸਕਿਆ। ਇੱਥੋਂ ਤਕ ਕਿ ਯਾਤਰੀਆਂ ਨੇ ਫਲਾਈਟ ’ਚ ਸਫਰ ਕਰਨ ਲਈ 1,000 ਰੁਪਏ ਤੋਂ ਲੈ ਕੇ 2,000 ਰੁਪਏ ਤਕ ਦੀਆਂ ਟਿਕਟਾਂ ਵੀ ਬੁੱਕ ਕਰਵਾਈਆਂ ਸਨ। ਹਵਾਈ ਅੱਡੇ ’ਤੇ ਪੁੱਜੇ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਫਲਾਈਟ ਦਾ ਸਮਾਂ ਬਦਲਿਆ ਗਿਆ ਸੀ ਪਰ ਜਦੋਂ ਉਹ ਏਅਰਪੋਰਟ ਪਹੁੰਚਿਆ ਅਤੇ ਪਤਾ ਲੱਗਾ ਕਿ ਫਲਾਈਟ ਰੱਦ ਹੋ ਗਈ ਹੈ ਤਾਂ ਉਸ ਨੂੰ ਕਾਫ਼ੀ ਪਰੇਸ਼ਾਨੀ ਹੋਈ ਜਦੋਂ ਕਿ ਪਰਿਵਾਰ ਦੇ ਬਜ਼ੁਰਗ ਵੀ ਉਸ ਦੇ ਨਾਲ ਸਨ। ਉਸ ਨੇ ਦੱਸਿਆ ਕਿ ਉਸ ਵੱਲੋਂ ਛੇ ਟਿਕਟਾਂ ਬੁੱਕ ਕਰਵਾਈਆਂ ਗਈਆਂ ਸਨ। ਇਸ ਦੇ ਲਈ ਟਿਕਟ ਬੁੱਕ ਕਰਵਾਉਣ ’ਤੇ 1,000 ਤੋਂ 2,000 ਰੁਪਏ ਖ਼ਰਚ ਕੀਤੇ ਗਏ ਜਦੋਂ ਕਿ ਇਹ ਸਿਰਫ਼ ਇਕਤਰਫਾ ਕਿਰਾਇਆ ਸੀ। ਇਸ ਤੋਂ ਇਲਾਵਾ ਦਿੱਲੀ ’ਚ ਹੋਟਲ ਬੁਕਿੰਗ ਵੀ ਕਰਵਾਈ ਗਈ ਸੀ ਜਿਸ ਕਾਰਨ ਉਸ ਦਾ ਕਾਫੀ ਨੁਕਸਾਨ ਹੋਇਆ ਅਤੇ ਖੱਜਲ-ਖੁਆਰੀ ਵੱਖਰੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇ ਫਲਾਈਟ ਰੱਦ ਕਰਨੀ ਸੀ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਸੂਚਿਤ ਕਰਨਾ ਚਾਹੀਦਾ ਸੀ। ਉਸ ਨੇ ਦੱਸਿਆ ਕਿ ਏਅਰਪੋਰਟ ਪਹੁੰਚਣ ’ਤੇ ਕੰਪਨੀ ਅਧਿਕਾਰੀਆਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਵੀ ਪੰਜ ਮਿੰਟ ਪਹਿਲਾਂ ਹੀ ਪਤਾ ਲੱਗਾ ਹੈ।

ਦੂਜੇ ਪਾਸੇ ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਕਨੀਕੀ ਕਾਰਨਾਂ ਕਰ ਕੇ ਫਲਾਈਟ ਰੱਦ ਕੀਤੀ ਗਈ ਹੈ ਜਦਕਿ ਇਹ ਇਕ ਟੈਸਟਿੰਗ ਫਲਾਈਟ ਸੀ ਜਿਸ ਦੀਆਂ ਕਮੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਸੋਮਵਾਰ ਤੱਕ ਸਭ ਕੁਝ ਠੀਕ ਹੋ ਜਾਵੇਗਾ।

Leave a Reply

Your email address will not be published. Required fields are marked *

View in English