ਪਠਾਨਕੋਟ ‘ਚ ਮਾਈਨਿੰਗ ਮਾਫੀਆ ਵਿਰੁੱਧ ਵੱਡੀ ਕਾਰਵਾਈ: 3 ਸਟੋਨ ਕਰੱਸ਼ਰਾਂ ‘ਤੇ ਛਾਪੇਮਾਰੀ ਕਰਕੇ 4 ਡਰਾਈਵਰ ਗ੍ਰਿਫ਼ਤਾਰ

ਪਠਾਨਕੋਟ, 12 ਨਵੰਬਰ, 2026: ਪਠਾਨਕੋਟ ਪੁਲਿਸ ਅਤੇ ਮਾਈਨਿੰਗ ਵਿਭਾਗ ਨੇ ਸਾਂਝੀ ਮੁਹਿੰਮ ਚਲਾਉਂਦਿਆਂ ਬੁੱਧਵਾਰ ਦੇਰ ਰਾਤ ਤਾਰਾਗੜ੍ਹ ਖੇਤਰ ਵਿੱਚ ਸਰਗਰਮ ਮਾਈਨਿੰਗ ਮਾਫੀਆ ਵਿਰੁੱਧ ਵੱਡੀ ਛਾਪੇਮਾਰੀ ਕੀਤੀ ਹੈ। ਥਾਣਾ ਤਾਰਾਗੜ੍ਹ ਦੀ ਪੁਲਿਸ ਅਤੇ ਮਾਈਨਿੰਗ ਅਧਿਕਾਰੀਆਂ ਦੀਆਂ ਟੀਮਾਂ ਨੇ ਵੱਖ-ਵੱਖ ਥਾਵਾਂ ‘ਤੇ ਛਾਪੇ ਮਾਰ ਕੇ ਤਿੰਨ ਵੱਡੇ ਸਟੋਨ ਕਰੱਸ਼ਰਾਂ ‘ਤੇ ਚੱਲ ਰਹੀ ਗੈਰ-ਕਾਨੂੰਨੀ ਮਾਈਨਿੰਗ ਦਾ ਪਰਦਾਫਾਸ਼ ਕੀਤਾ। ਇਸ ਕਾਰਵਾਈ ਦੌਰਾਨ ਪੁਲਿਸ ਨੇ ਮੌਕੇ ਤੋਂ ਤਿੰਨ ਪੋਕਲੇਨ ਮਸ਼ੀਨਾਂ, ਕੱਚੇ ਮਾਲ ਨਾਲ ਭਰੇ ਦੋ ਟਿੱਪਰ ਜ਼ਬਤ ਕੀਤੇ ਹਨ ਅਤੇ ਚਾਰ ਡਰਾਈਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਤਿੰਨੋਂ ਸਟੋਨ ਕਰੱਸ਼ਰਾਂ ਦੇ ਮਾਲਕ ਅਤੇ ਇੱਕ ਹੋਰ ਡਰਾਈਵਰ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ।

ਪਹਿਲੇ ਮਾਮਲੇ ਵਿੱਚ ਤਾਰਾਗੜ੍ਹ ਪੁਲਿਸ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਸੀ ਕਿ ਪਿੰਡ ਮਾਇਰਾ ਕਲਾਂ ਦੀ ਮਾਲੀਆ ਹੱਦ ਤੋਂ ਬਾਹਰ ਝੁੰਬਰ-ਤਰਫ਼-ਨਰੋਟ ਖੇਤਰ ਵਿੱਚ ਸਥਿਤ ‘ਗੁਰੂਜੀ ਸਟੋਨ ਕਰੱਸ਼ਰ’ ਵਿਖੇ ਵੱਡੇ ਪੱਧਰ ‘ਤੇ ਗੈਰ-ਕਾਨੂੰਨੀ ਖੁਦਾਈ ਹੋ ਰਹੀ ਹੈ। ਪੁਲਿਸ ਟੀਮ ਨੇ ਮਾਈਨਿੰਗ ਵਿਭਾਗ ਦੇ ਜੇ.ਈ. (JE) ਵਰੁਣ ਕਟਲ ਅਤੇ ਜੇ.ਈ. ਲਵਪ੍ਰੀਤ ਸਿੰਘ ਨੂੰ ਨਾਲ ਲੈ ਕੇ ਤੁਰੰਤ ਛਾਪਾ ਮਾਰਿਆ। ਪੁਲਿਸ ਨੂੰ ਦੇਖ ਕੇ ਵਾਹਨ ਚਾਲਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਮੁਲਾਜ਼ਮਾਂ ਨੇ ਘੇਰਾਬੰਦੀ ਕਰਕੇ ਪੋਕਲੇਨ ਡਰਾਈਵਰ ਵਿਕਰਮਜੀਤ (ਵਾਸੀ ਮਾਜਰਾ, ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼), ਟਿੱਪਰ ਡਰਾਈਵਰ ਅਜੀਤ ਕੁਮਾਰ (ਵਾਸੀ ਜ਼ਿਲ੍ਹਾ ਮੋਤੀਹਾਰੀ, ਬਿਹਾਰ) ਅਤੇ ਟਿੱਪਰ ਡਰਾਈਵਰ ਗੰਗਾ ਬਹਾਦਰ (ਵਾਸੀ ਜ਼ਿਲ੍ਹਾ ਉਦੈਪੁਰ, ਨੇਪਾਲ) ਨੂੰ ਕਾਬੂ ਕਰ ਲਿਆ, ਜਦਕਿ ਕਰੱਸ਼ਰ ਮਾਲਕ ਸਰਬਜੀਤ ਸਿੰਘ (ਵਾਸੀ ਦਤਿਆਲ) ਫ਼ਰਾਰ ਹੋ ਗਿਆ। ਮਾਈਨਿੰਗ ਟੀਮ ਨੇ ਗੈਰ-ਕਾਨੂੰਨੀ ਖੁਦਾਈ ਵਾਲੇ ਰਕਬੇ ਦੀ ਪੈਮਾਇਸ਼ ਕਰਕੇ ਵਿਸ਼ੇਸ਼ ਰਿਪੋਰਟ ਪੁਲਿਸ ਨੂੰ ਸੌਂਪ ਦਿੱਤੀ ਹੈ।

ਦੂਜੇ ਮਾਮਲੇ ਵਿੱਚ ਏ.ਐੱਸ.ਆਈ. ਨਿਰਮਲਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਬਕਨੌਰ ਰੇਲਵੇ ਕਰਾਸਿੰਗ ਨੇੜੇ ਗਸ਼ਤ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ‘ਪਾਰਸ ਕਰੱਸ਼ਰ’ ਅਤੇ ‘ਸ਼ਿਵ ਕਰੱਸ਼ਰ’ ‘ਤੇ ਛਾਪੇਮਾਰੀ ਕੀਤੀ। ਸੂਚਨਾ ਮਿਲੀ ਸੀ ਕਿ ਇਨ੍ਹਾਂ ਕਰੱਸ਼ਰਾਂ ਦੇ ਮਾਲਕ ਕਾਨੂੰਨੀ ਮਾਈਨਿੰਗ ਦੀ ਆੜ ਵਿੱਚ ਮਨਜ਼ੂਰਸ਼ੁਦਾ ਹੱਦ ਤੋਂ ਕਿਤੇ ਵੱਧ ਡੂੰਘੀ ਖੁਦਾਈ ਕਰ ਰਹੇ ਹਨ। ਪੁਲਿਸ ਨੇ ਪਹਿਲਾਂ ਪਾਰਸ ਕਰੱਸ਼ਰ ‘ਤੇ ਛਾਪਾ ਮਾਰ ਕੇ ਪੋਕਲੇਨ ਮਸ਼ੀਨ ਜ਼ਬਤ ਕੀਤੀ ਅਤੇ ਡਰਾਈਵਰ ਜਤਿੰਦਰ ਕੁਮਾਰ ਉਰਫ਼ ਘਨੀ (ਵਾਸੀ ਮੱਲੀਆਂ, ਜ਼ਿਲ੍ਹਾ ਗੁਰਦਾਸਪੁਰ) ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਮਾਲਕ ਕਿਸ਼ਨ ਓਬਰਾਏ (ਵਾਸੀ ਪਟੇਲ ਚੌਕ) ਫ਼ਰਾਰ ਪਾਇਆ ਗਿਆ। ਇਸ ਤੋਂ ਬਾਅਦ ਸ਼ਿਵ ਕਰੱਸ਼ਰ ‘ਤੇ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਨੇ ਇੱਕ ਹੋਰ ਪੋਕਲੇਨ ਮਸ਼ੀਨ ਜ਼ਬਤ ਕੀਤੀ, ਪਰ ਡਰਾਈਵਰ ਗੰਗਾ ਅਤੇ ਮੁਕੇਰੀਆਂ (ਹੁਸ਼ਿਆਰਪੁਰ) ਨਿਵਾਸੀ ਕਰੱਸ਼ਰ ਮਾਲਕ ਗੌਰਵ ਪੁਲਿਸ ਦੇ ਹੱਥ ਨਹੀਂ ਲੱਗ ਸਕੇ।

ਕਾਰਜਕਾਰੀ ਅਧਿਕਾਰੀ ਜਸਪ੍ਰੀਤ ਗਰੇਵਾਲ ਅਨੁਸਾਰ ਵਿਭਾਗੀ ਟੀਮ ਵੱਲੋਂ ਖੁਦਾਈ ਦੀ ਡੂੰਘਾਈ ਦੀ ਪੈਮਾਇਸ਼ ਕੀਤੀ ਜਾ ਰਹੀ ਹੈ। ਤਾਰਾਗੜ੍ਹ ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਮਾਈਨਿੰਗ ਐਕਟ, ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 303(2) ਅਤੇ ਵਾਤਾਵਰਣ ਸੁਰੱਖਿਆ ਐਕਟ 1986 ਦੀ ਧਾਰਾ 15 ਤਹਿਤ ਵੱਖ-ਵੱਖ ਐੱਫ.ਆਈ.ਆਰ. ਦਰਜ ਕਰ ਲਈਆਂ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਚਾਰੋਂ ਡਰਾਈਵਰਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਕਰੱਸ਼ਰ ਮਾਲਕਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ।

Leave a Reply

Your email address will not be published. Required fields are marked *

View in English