ਈਰਾਨ ਨੇ ਬਹਿਰੀਨ ਸਥਿਤ ਅਮਰੀਕੀ ਫ਼ੌਜ ਦੇ ‘ਅਰਲੀ ਵਾਰਨਿੰਗ ਰਾਡਾਰ’ ਨੂੰ ਬਣਾਇਆ ਨਿਸ਼ਾਨਾ

ਮੱਧ ਪੂਰਬ ‘ਚ ਮੁੜ ਵਧਿਆ ਤਣਾਅ: ਕਿਹਾ—ਅਮਰੀਕੀ ਹਮਲੇ ਦਾ ਲਿਆ ਬਦਲਾ, ਯੂਰਪ ਤੱਕ ਜਵਾਬੀ ਕਾਰਵਾਈ ਦੀ ਦਿੱਤੀ ਚਿਤਾਵਨੀ

ਤਹਿਰਾਨ/ਮਾਨਾਮਾ (ਬਹਿਰੀਨ), 13 ਨਵੰਬਰ, 2026 (ਆਕਰਸ਼ ਸ਼ੁਕਲਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਈਰਾਨ ਵਿਰੁੱਧ ਕੋਈ ਨਵੀਂ ਫ਼ੌਜੀ ਕਾਰਵਾਈ ਨਾ ਕਰਨ ਦੇ ਸੰਕੇਤਾਂ ਅਤੇ ਵਿਚੋਲਗੀ ਲਈ ਚੱਲ ਰਹੀਆਂ ਬੈਠਕਾਂ ਦੇ ਬਾਵਜੂਦ ਮੱਧ ਪੂਰਬ ਵਿੱਚ ਜੰਗ ਦੇ ਬੱਦਲ ਮੁੜ ਗਹਿਰਾਉਂਦੇ ਨਜ਼ਰ ਆ ਰਹੇ ਹਨ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ (IRGC) ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬਹਿਰੀਨ ਵਿੱਚ ਤਾਇਨਾਤ ਅਮਰੀਕੀ ਫ਼ੌਜ ਦੇ ਇੱਕ ਅਤਿ-ਆਧੁਨਿਕ ਸ਼ੁਰੂਆਤੀ ਚਿਤਾਵਨੀ ਰਾਡਾਰ ਸਟੇਸ਼ਨ (Early Warning Radar) ‘ਤੇ ਹਮਲਾ ਕੀਤਾ ਹੈ।

ਸਿਰਿਕ ਟਾਵਰ ‘ਤੇ ਹੋਏ ਹਮਲੇ ਦੇ ਬਦਲੇ ਵਜੋਂ ਕੀਤੀ ਕਾਰਵਾਈ

ਈਰਾਨੀ ਸਰਕਾਰੀ ਮੀਡੀਆ ਅਤੇ IRGC ਅਨੁਸਾਰ, ਇਹ ਹਮਲਾ ਬੀਤੇ ਦਿਨੀਂ ਈਰਾਨ ਦੇ ਸਿਰਿਕ (Sirik) ਖੇਤਰ ਵਿੱਚ ਸਥਿਤ ਇੱਕ ਦੂਰਸੰਚਾਰ ਟਾਵਰ ‘ਤੇ ਕੀਤੇ ਗਏ ਅਮਰੀਕੀ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ ਹੈ। ਹਾਲਾਂਕਿ, ਇਸ ਹਮਲੇ ਕਾਰਨ ਬਹਿਰੀਨ ਸਥਿਤ ਅਮਰੀਕੀ ਰਾਡਾਰ ਸਟੇਸ਼ਨ ਨੂੰ ਕਿੰਨਾ ਨੁਕਸਾਨ ਪੁੱਜਾ ਹੈ ਅਤੇ ਕੀ ਇਸ ਦੀ ਕਾਰਜਸ਼ੀਲਤਾ ਪ੍ਰਭਾਵਿਤ ਹੋਈ ਹੈ, ਇਸ ਬਾਰੇ ਫਿਲਹਾਲ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਜ਼ਿਕਰਯੋਗ ਹੈ ਕਿ ਇਸ ਟਕਰਾਅ ਦੌਰਾਨ ਅਮਰੀਕਾ ਨੂੰ ਹੁਣ ਤੱਕ 31 ਅਰਬ ਰੁਪਏ ਤੋਂ ਵੱਧ ਦਾ ਵਿੱਤੀ ਤੇ ਫ਼ੌਜੀ ਨੁਕਸਾਨ ਝੱਲਣਾ ਪਿਆ ਹੈ।

ਕਿਉਂ ਅਹਿਮ ਹੈ ਇਹ ਸ਼ੁਰੂਆਤੀ ਚਿਤਾਵਨੀ ਰਾਡਾਰ?

ਰੱਖਿਆ ਮਾਹਿਰਾਂ ਅਨੁਸਾਰ, ‘ਅਰਲੀ ਵਾਰਨਿੰਗ ਰਾਡਾਰ’ ਕਿਸੇ ਵੀ ਦੇਸ਼ ਦੀ ਹਵਾਈ ਰੱਖਿਆ ਪ੍ਰਣਾਲੀ (Air Defense System) ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਇਸ ਦਾ ਮੁੱਖ ਕੰਮ ਦੁਸ਼ਮਣ ਦੀਆਂ ਮਿਜ਼ਾਈਲਾਂ, ਲੜਾਕੂ ਜਹਾਜ਼ਾਂ ਅਤੇ ਹੋਰ ਹਵਾਈ ਖ਼ਤਰਿਆਂ ਦੀ ਪਹਿਲਾਂ ਤੋਂ ਹੀ ਪਛਾਣ ਕਰਕੇ ਫ਼ੌਜੀ ਕਮਾਂਡ ਨੂੰ ਸਮੇਂ ਸਿਰ ਸੁਚੇਤ ਕਰਨਾ ਹੁੰਦਾ ਹੈ, ਤਾਂ ਜੋ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਜਵਾਬੀ ਕਾਰਵਾਈ ਲਈ ਤਿਆਰ ਹੋ ਸਕਣ। ਰਣਨੀਤਕ ਪੱਖੋਂ ਬਹਿਰੀਨ ਵਿੱਚ ਅਮਰੀਕੀ ਫ਼ੌਜ ਦੀ ਮੌਜੂਦਗੀ ਬੇਹੱਦ ਮਹੱਤਵਪੂਰਨ ਹੈ, ਕਿਉਂਕਿ ਅਮਰੀਕੀ ਜਲ ਸੈਨਾ ਦਾ ਅਹਿਮ ‘ਪੰਜਵਾਂ ਬੇੜਾ’ (Fifth Fleet) ਵੀ ਉੱਥੇ ਹੀ ਤਾਇਨਾਤ ਹੈ।

ਯੂਰਪੀਅਨ ਠਿਕਾਣਿਆਂ ਤੱਕ ਹਮਲੇ ਫੈਲਾਉਣ ਦੀ ਈਰਾਨ ਦੀ ਖੁੱਲ੍ਹੀ ਚਿਤਾਵਨੀ

ਇਸ ਘਟਨਾਕ੍ਰਮ ਤੋਂ ਪਹਿਲਾਂ ਬੁੱਧਵਾਰ ਨੂੰ ਈਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਜਨਰਲ ਮੋਹਸੇਨ ਰੇਜ਼ਾਈ ਨੇ ਅਮਰੀਕਾ ਨੂੰ ਸਿੱਧੀ ਅਤੇ ਸਖ਼ਤ ਚਿਤਾਵਨੀ ਦਿੱਤੀ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਅਮਰੀਕਾ ਵੱਲੋਂ ਈਰਾਨ ‘ਤੇ ਕੋਈ ਨਵਾਂ ਹਮਲਾ ਕੀਤਾ ਜਾਂਦਾ ਹੈ, ਤਾਂ ਈਰਾਨ ਦੀ ਜਵਾਬੀ ਕਾਰਵਾਈ ਸਿਰਫ਼ ਮੱਧ ਪੂਰਬ ਤੱਕ ਸੀਮਤ ਨਹੀਂ ਰਹੇਗੀ।

ਰੇਜ਼ਾਈ ਨੇ ਕਿਹਾ ਕਿ ਜੇਕਰ ਅਮਰੀਕੀ ਲੜਾਕੂ ਜਹਾਜ਼ ਯੂਰਪ ਜਾਂ ਦੁਨੀਆ ਦੇ ਕਿਸੇ ਹੋਰ ਦੂਰ-ਦੁਰਾਡੇ ਫ਼ੌਜੀ ਠਿਕਾਣੇ ਤੋਂ ਉਡਾਣ ਭਰ ਕੇ ਈਰਾਨ ਨੂੰ ਨਿਸ਼ਾਨਾ ਬਣਾਉਂਦੇ ਹਨ, ਤਾਂ ਉਨ੍ਹਾਂ ਕੌਮਾਂਤਰੀ ਫ਼ੌਜੀ ਠਿਕਾਣਿਆਂ ‘ਤੇ ਵੀ ਸਿੱਧਾ ਹਮਲਾ ਕੀਤਾ ਜਾਵੇਗਾ। ਤਹਿਰਾਨ ਦੇ ਇਸ ਤਿੱਖੇ ਰੁਖ਼ ਨੇ ਯੂਰਪੀਅਨ ਦੇਸ਼ਾਂ ਵਿੱਚ ਸਥਿਤ ਅਮਰੀਕੀ ਫ਼ੌਜੀ ਅੱਡਿਆਂ ਦੀ ਸੁਰੱਖਿਆ ਨੂੰ ਲੈ ਕੇ ਵੀ ਗੰਭੀਰ ਚਿੰਤਾਵਾਂ ਖੜ੍ਹੀਆਂ ਕਰ ਦਿੱਤੀਆਂ ਹਨ।

Leave a Reply

Your email address will not be published. Required fields are marked *

View in English