ਫੈਕਟ ਸਮਾਚਾਰ ਸੇਵਾ
ਲਖਨਊ , ਜਨਵਰੀ 1
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਦਿਲ-ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਲਖਨਊ ਦੇ ਹੋਟਲ ‘ਚ 5 ਲੋਕਾਂ ਦੀ ਬੇਰਿਹਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। 24 ਸਾਲ ਦੇ ਅਰਸ਼ਦ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਸ ਨੇ ਆਪਣੀ ਮਾਂ ਤੇ ਚਾਰ ਭੈਣਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਪੁਲਿਸ ਦੁਆਰਾ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਹਿਰਾਸਤ ‘ਚ ਲੈ ਲਿਆ ਹੈ।
ਥਾਣਾ ਨਾਕਾ ਖੇਤਰ ਦੇ ਹੋਟਲ ‘ਚ ਸਾਰੇ ਲੋਕ 30 ਦਸੰਬਰ ਨੂੰ ਰੁਕਣ ਲਈ ਆਏ ਸੀ। ਉਹ ਸਾਰੇ ਹੋਟਲ ਦੇ ਰੂਮ ਨੰਬਰ 109 ‘ਚ ਰੁਕੇ ਸੀ। 31 ਦਸੰਬਰ 2024 ਦੀ ਰਾਤ ‘ਚ ਅਰਸ਼ਦ ਨੇ ਆਪਣੀ ਮਾਂ ਤੇ ਚਾਰ ਭੈਣਾਂ ਰਹਿਮੀਨ, ਅਲਸ਼ੀਆ, ਅਕਸ਼ਾ ਤੇ ਆਲੀਆ ਦੀ ਹੱਤਿਆ ਕਰ ਦਿੱਤੀ। ਸਾਰਿਆਂ ਦੇ ਹੱਥ ਦੀ ਨਸ ਕੱਟੀ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਸਾਰਿਆਂ ਦੀ ਮੌਤ ਖ਼ੂਨ ਵਹਿਣ ਨਾਲ ਹੋਈ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਹਿਰਾਸਤ ‘ਚ ਲਿਆ ਹੈ। ਮੁੱਢਲੀ ਪੁੱਛਗਿੱਛ ‘ਚ ਦੋਸ਼ੀ ਦੁਆਰਾ ਹੱਤਿਆ ਕਰਨ ਦਾ ਕਾਰਨ ਪਰਿਵਾਰਿਕ ਝਗੜਾ ਦੱਸਿਆ ਜਾ ਰਿਹਾ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਅਧਿਕਾਰੀਆਂ ਨਾਲ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਤੇ ਸਾਰੀ ਲੋੜੀਂਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਫੀਲਡ ਯੂਨਿਟ ਨੇ ਮੌਕੇ ‘ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।
ਡੀਸੀਪੀ ਲਖਨਊ ਰਵੀਨਾ ਤਿਆਗੀ ਨੇ ਦੱਸਿਆ-ਆਗਰਾ ਦੇ ਰਹਿਣ ਵਾਲੇ 24 ਸਾਲ ਦੇ ਅਰਸ਼ਦ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਪੁੱਛਗਿੱਛ ‘ਚ ਉਸ ਨੇ ਦੱਸਿਆ ਕਿ ਪਰਿਵਾਰਿਕ ਝਗੜੇ ਕਾਰਨ ਉਸ ਨੇ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਹੈ। ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ।







