ਨਵਾਂਸ਼ਹਿਰ ‘ਚ ਸਪੋਰਟਸ ਕਲੱਬ ਦੀ ਕੰਧ ‘ਤੇ ਟੰਗਿਆ ਜ਼ਿੰਦਾ ਕਾਰਤੂਸ

ਫੈਕਟ ਸਮਾਚਾਰ ਸੇਵਾ

ਨਵਾਂਸ਼ਹਿਰ , ਫਰਵਰੀ 3

ਬਲਾਕ ਬੰਗਾ ਵਿਚ ਪੈਂਦੇ ਪਿੰਡ ਭੋਰਾ ਦੇ ਬਣੇ ਸਪੋਰਟਸ ਕੱਲਬ ਦੀ ਕੰਧ ਉਪਰ ਲਿਖੀ ਧਮਕੀ ਦੇ ਨਾਲ ਟੰਗੇ ਮਿਲੇ ਇਕ ਜ਼ਿੰਦਾ ਕਾਰਤੂਸ ਤੋਂ ਬਾਅਦ ਪਿੰਡ ਦੇ ਨਾਲ ਲੱਗਦੇ ਹੋਰ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਭੋਰਾ ਵਿਖੇ ਸਕੂਲ ਦੇ ਖੇਡ ਮੈਦਾਨ ਵਿਖੇ ਨੌਜਵਾਨ ਸਭਾ, ਐੱਨ.ਆਰ.ਆਈ ਭਰਾਵਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਫੁੱਟਬਾਲ ਮੈਚ ਕਰਵਾਏ ਜਾਂਦੇ ਹਨ। ਇਸ ਵੀ ਸਾਲ 10 ਫਰਵਰੀ ਤੋਂ 15 ਫਰਵਰੀ ਤੱਕ ਇਹ ਮੈਚ ਹੋਣੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅੱਜ ਪਿੰਡ ਦੇ ਕੁਝ ਵਿਅਕਤੀਆਂ ਨੇ ਦੱਸਿਆ ਕਿ ਪਿੰਡ ਦੇ ਬਣੇ ਸਪੋਰਟਸ ਕੱਲਬ ਦੀ ਕੰਧ ‘ਤੇ ਕਿਸੇ ਨੇ ਕਿੱਲ ਠੋਕ ਕੇ ਇਕ ਜ਼ਿੰਦਾ ਕਾਰਤੂਸ ਟੰਗਿਆ ਹੈ ਅਤੇ ਕਾਲੀ ਸਿਆਹੀ ਨਾਲ ਤੀਰ ਬਣਾ ਕੇ ਧਮਕੀ ਦਿੱਤੀ ਹੈ ਕਿ “ਆਹ ਦੇਖ ਲਓ ਐੱਨ.ਆਰ.ਆਈ ਜਿੰਨ੍ਹੇ ਮੈਚ ਕਰਵਾਉਣੇ ਆਪਣੀ ਜ਼ਿੰਮੇਵਾਰੀ ਤੇ ਕਰਵਾਇਓ”।

ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਥਾਣਾ ਸਦਰ ਦੇ ਐੱਸ. ਐੱਚ. ਓ ਇੰਸਪੈਕਟਰ ਰਾਜੀਵ ਕੁਮਾਰ ਨੂੰ ਸ਼ਿਕਾਇਤ ਦਿੱਤੀ ਜੋ ਕਿ ਕੁਝ ਹੀ ਸਮੇ ‘ਚ ਪੁਲੀਸ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ ‘ਤੇ ਪੁੱਜ ਗਏ ਅਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਖ਼ਬਰ ਲਿਖੇ ਜਾਣ ਤੱਕ ਪੁਲੀਸ ਦੀਆਂ ਟੀਮਾਂ ਪਿੰਡ ਭੋਰਾ ਵਿਖੇ ਮੌਜੂਦ ਸਨ ਅਤੇ ਪਿੰਡ ਦੇ ਹੀ ਵੱਖ-ਵੱਖ ਲੋਕਾਂ ਦੇ ਬਿਆਨ ਕਲਮਬੰਦ ਕਰ ਆਪਣੀ ਜਾਂਚ ਵਿੱਚ ਲੱਗੀਆਂ ਹੋਈਆਂ ਸਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਕਤ ਕਾਰਤੂਸ ਕਿਸ ਨੇ ਉਕਤ ਧਮਕੀ ਤੋਂ ਬਾਅਦ ਕੰਧ ਨਾਲ ਟੰਗਿਆ ਹੈ।

Leave a Reply

Your email address will not be published. Required fields are marked *

View in English