ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਮਾਰਚ 13
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡਰੱਗਜ਼ ਕੇਸ ਦੇ ਦੋਸ਼ੀ ਜਗਦੀਸ਼ ਭੋਲਾ ਨੂੰ ਵੱਡੀ ਰਾਹਤ ਦਿੰਦਿਆਂ ਇਕ ਦਿਨ ਦੀ ਜ਼ਮਾਨਤ ਦਿੱਤੀ ਹੈ। ਅਦਾਲਤ ਵੱਲੋਂ ਇਹ ਜ਼ਮਾਨਤ ਉਸ ਦੀ ਮਾਂ ਦੀ ਖਰਾਬ ਸਿਹਤ ਦੇ ਮੱਦੇਨਜ਼ਰ ਦਿੱਤੀ ਗਈ ਹੈ। 17 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਪੁਲਿਸ ਦੀ ਮੌਜੂਦਗੀ ਵਿਚ ਉਹ ਆਪਣੀ ਮਾਂ ਨੂੰ ਮਿਲ ਸਕੇਗਾ। ਜ਼ਿਕਰਯੋਗ ਹੈ ਕਿ ਜਗਦੀਸ਼ ਭੋਲਾ ਦੇ ਵਕੀਲ ਵੱਲੋਂ ਉਸ ਦੀ ਮਾਂ ਦੀ ਖਰਾਬ ਸਿਹਤ ਦਾ ਹਵਾਲਾ ਦੇ ਕੇ ਹਾਈ ਕੋਰਟ ਨੂੰ ਜ਼ਮਾਨਤ ਦੀ ਅਪੀਲ ਕੀਤੀ ਗਈ ਸੀ।
ਦੱਸ ਦੇਈਏ ਕਿ 700 ਕਰੋੜ ਰੁਪਏ ਦੇ ਡਰੱਗ ਰੈਕਟ ਕੇਸ ਵਿਚ ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਕੋਲੋਂ ਸਿੰਥੈਟਿਕ ਡਰੱਗਜ਼, ਵਿਦੇਸ਼ੀ ਕਰੰਸੀ, ਹਥਿਆਰ ਤੇ ਲਗਜ਼ਰੀ ਕਾਰਾਂ ਬਰਾਮਦ ਹੋਈਆਂ ਸਨ। 2012 ਵਿਚ ਪੰਜਾਬ ਪੁਲਿਸ ਦੀ ਨੌਕਰੀ ਤੋਂ ਵੀ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।







