ਫੈਕਟ ਸਮਾਚਾਰ ਸੇਵਾ
ਮੁੰਬਈ, ਮਈ 15
ਹੰਸਲ ਮਹਿਤਾ ਦੀ ਆਉਣ ਵਾਲੀ ਕ੍ਰਾਈਮ ਡਰਾਮਾ ਵੈੱਬ ਸੀਰੀਜ਼ ‘ਸਕੂਪ’ ਦਾ ਟ੍ਰੇਲਰ ਅੱਜ ਰਿਲੀਜ਼ ਹੋਇਆ ਹੈ। ਕਰਿਸ਼ਮਾ ਤੰਨਾ, ਪ੍ਰਸੇਨਜੀਤ ਚੈਟਰਜੀ, ਹਰਮਨ ਬਵੇਜਾ ਅਭਿਨੀਤ ਇਹ ਸੀਰੀਜ਼ 2 ਜੂਨ ਨੂੰ ਨੈੱਟਫਲਿਕਸ ‘ਤੇ ਪ੍ਰੀਮੀਅਰ ਲਈ ਤਿਆਰ ਹੈ। ਕਰਿਸ਼ਮਾ ਇਸ ਵੈੱਬ ਸੀਰੀਜ਼ ‘ਚ ਕ੍ਰਾਈਮ ਰਿਪੋਰਟਰ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਵੈੱਬ ਸੀਰੀਜ਼ ‘ਚ ਕਰਿਸ਼ਮਾ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਨਿਊਜ਼ ਰਿਪੋਰਟਰ ਜਾਗ੍ਰਿਤੀ ਪੁਲਿਸ, ਅੰਡਰਵਰਲਡ ਅਤੇ ਮੀਡੀਆ ਦੇ ਗਠਜੋੜ ਵਿੱਚ ਫਸ ਗਈ ਹੈ। ਟ੍ਰੇਲਰ ਵਿੱਚ ਕਰਿਸ਼ਮਾ ਤੰਨਾ ਨੂੰ ਇੱਕ ਬਹੁਤ ਹੀ ਸਫਲ ਅਪਰਾਧ ਰਿਪੋਰਟਰਾਂ ਵਿੱਚੋਂ ਇੱਕ ਵਜੋਂ ਦਿਖਾਇਆ ਗਿਆ ਹੈ। ਲੋਕ ਉਸ ਦੀ ਪੱਤਰਕਾਰੀ ਦੀ ਖੂਬ ਤਾਰੀਫ ਕਰ ਰਹੇ ਹਨ। ਟ੍ਰੇਲਰ ਨੂੰ ਦੇਖ ਕੇ ਇਹ ਵੀ ਸਮਝ ਆ ਰਿਹਾ ਹੈ ਕਿ ਕਰਿਸ਼ਮਾ ਕਤਲ ਦੇ ਦੋਸ਼ ‘ਚ ਜੇਲ ‘ਚ ਬੰਦ ਹੈ।
ਵੈੱਬ ਸੀਰੀਜ਼ ‘ਸਕੂਪ’ ਅਸਲ ਜ਼ਿੰਦਗੀ ਦੀ ਕਹਾਣੀ ‘ਤੇ ਆਧਾਰਿਤ ਹੈ। ਕਰਿਸ਼ਮਾ ਤੋਂ ਇਲਾਵਾ ਪ੍ਰਸੇਨਜੀਤ ਚੈਟਰਜੀ ਅਤੇ ਹਰਮਨ ਬਵੇਜਾ ਵੀ ਅਹਿਮ ਭੂਮਿਕਾਵਾਂ ‘ਚ ਹਨ। ਦੱਸ ਦੇਈਏ ਕਿ ਕਰਿਸ਼ਮਾ ਨੇ ‘ਕਿਉਂਕੀ ਸਾਸ ਭੀ ਕਭੀ ਬਹੂ ਥੀ’ ਨਾਲ ਟੀਵੀ ਦੀ ਦੁਨੀਆ ‘ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਕਰਿਸ਼ਮਾ ਨੇ ਬਾਲੀਵੁੱਡ ‘ਚ ਆਪਣੇ ਪੈਰ ਜਮਾਏ। ਇਸ ਵੈੱਬ ਸੀਰੀਜ਼ ਵਿੱਚ ਕਰਿਸ਼ਮਾ ਦੀ ਅਦਾਕਾਰੀ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।







