ਫੈਕਟ ਸਮਾਚਾਰ ਸੇਵਾ
ਅੰਮ੍ਰਿਤਸਰ, ਅਕਤੂਬਰ 23
ਅੰਮ੍ਰਿਤਸਰ ‘ਚ ਵਿਆਹ ਸਮਾਗਮ ਵਿਆਹ ਦੇ ਮਹਿਮਾਨਾਂ ਨੂੰ ਪਰੋਸੇ ਗਏ ਖਾਣੇ ਵਿੱਚ ਸੁੰਡੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ‘ਚ ਪੁੱਜੇ ਬਰਾਤੀਆਂ ਨੂੰ ਪਰੋਸੇ ਗਏ ਖਾਣੇ ‘ਚ ਜਿਊਂਦੀਆਂ ਸੁੰਡੀਆਂ ਮਿਲੀਆਂ ਹਨ। ਇਸ ‘ਤੇ ਲਾੜੇ ਦਾ ਪਰਿਵਾਰ ਪੂਰੀ ਤਰ੍ਹਾ ਭੜਕ ਗਿਆ ਅਤੇ ਕਿਹਾ ਕਿ ਕੁੜੀ ਦੇ ਪਰਿਵਾਰ ਵੱਲੋਂ ਸਾਡੀ ਬੇਇੱਜ਼ਤੀ ਕੀਤੀ ਗਈ ਹੈ। ਲਾੜੇ ਦੇ ਰਿਸ਼ਤੇਦਾਰਾਂ ਵੱਲੋਂ ਸੁੰਡੀਆਂ ਵਾਲੇ ਖਾਣੇ ਦੀ ਵੀਡੀਓ ਬਣਾਈ ਗਈ। ਲਾੜੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰ ਗੁੱਸਾ ਹੋ ਕੇ ਚਲੇ ਗਏ ਹਨ ਅਤੇ ਉਨ੍ਹਾਂ ਦੀ ਬੇਇੱਜ਼ਤੀ ਹੋਈ ਹੈ। ਇਸ ਬਾਰੇ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵਿਆਹ ਲਈ 700 ਰੁਪਏ ਪਲੇਟ ਦੇ ਹਿਸਾਬ ਨਾਲ ਖਾਣੇ ਦਾ ਆਰਡਰ ਦਿੱਤਾ ਸੀ ਪਰ ਸਾਨੂੰ ਪਤਾ ਨਹੀਂ ਸੀ ਕਿ ਇਸ ਰੇਸਤਰਾਂ ‘ਚ ਅਜਿਹਾ ਖਾਣਾ ਮਿਲੇਗਾ।
ਵਿਆਹ ਵਾਲੀ ਕੁੜੀ ਨੇ ਕਿਹਾ ਕਿ ਉਸ ਦੇ ਪਰਿਵਾਰ ਦੀ ਬਰਾਤ ਸਾਹਮਣੇ ਬਹੁਤ ਜ਼ਿਆਦਾ ਬੇਇੱਜ਼ਤੀ ਹੋਈ ਹੈ। ਉਸ ਨੇ ਕਿਹਾ ਕਿ ਮਨਚੂਰੀਅਨ ਅਤੇ ਗੁਲਾਬ ਜਾਮੁਣ ‘ਚ ਸੁੰਡੀਆਂ ਨਿਕਲੀਆਂ ਹਨ ਪਰ ਰੇਸਤਰਾਂ ਵਾਲੇ ਸ਼ਰੇਆਮ ਕਹਿ ਰਹੇ ਹਨ ਕਿ ਉਨ੍ਹਾਂ ਦੇ ਖਾਣੇ ‘ਚ ਸੁੰਡੀਆਂ ਨਹੀਂ ਹਨ। ਉਸ ਨੇ ਦੱਸਿਆ ਕਿ ਜਿਨ੍ਹਾਂ 2 ਲੋਕਾਂ ਨੇ ਪੂਰੇ ਖਾਣੇ ਦੇ ਪੇਮੈਂਟ ਲਈ ਹੈ, ਉਹ ਮੌਕੇ ਤੋਂ ਫ਼ਰਾਰ ਹੋ ਗਏ ਹਨ। ਉਸ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਨਾਲ ਦੁਬਾਰਾ ਤੋਂ ਅਜਿਹਾ ਹੋਵੇ, ਇਸ ਲਈ ਰੇਸਤਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਫਿਲਹਾਲ ਕੁੜੀ ਦੇ ਪਰਿਵਾਰ ਵਾਲਿਆਂ ਨੇ ਇਨਸਾਫ਼ ਦੀ ਗੁਹਾਰ ਲਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੇਸਤਰਾਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਕੁੜੀ ਦੇ ਪਰਿਵਾਰ ਵਾਲਿਆਂ ਨੇ ਇਸ ਘਟਨਾ ਨੂੰ ਲੈ ਕੇ ਰਸਤਾ ਹੀ ਜਾਮ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇੰਨੇ ਪੈਸੇ ਦਿੱਤੇ ਹਨ ਤਾਂ ਫਿਰ ਉਨ੍ਹਾਂ ਨੂੰ ਅਜਿਹਾ ਖਾਣਾ ਕਿਉਂ ਦਿੱਤਾ ਗਿਆ।







