ਫੈਕਟ ਸਮਾਚਾਰ ਸੇਵਾ
ਅੰਮ੍ਰਿਤਸਰ , ਨਵੰਬਰ 9
ਬੀਬੀ ਜਗੀਰ ਕੌਰ ਦੀ ਬਗ਼ਾਵਤ ਤੋਂ ਬਾਅਦ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਦਾ ਨਾਂ ਲਿਫ਼ਾਫ਼ੇ ’ਚੋਂ ਨਹੀਂ ਨਿਕਲੇਗਾ। ਅੱਜ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਵੋਟਿੰਗ ਹੋਵੇਗੀ ਅਤੇ ਪ੍ਰਧਾਨ ਦਾ ਨਾਂ ਬੈਲੇਟ ਪੇਪਰ ਰਾਹੀਂ ਤੈਅ ਹੋਵੇਗਾ। ਪ੍ਰਧਾਨ ਦੇ ਅਹੁਦੇ ਲਈ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਐੱਸਜੀਪੀਸੀ ਦੀ ਤਿੰਨ ਵਾਰ ਪ੍ਰਧਾਨ ਰਹੀ ਬੀਬੀ ਜਗੀਰ ਕੌਰ ਚੋਣ ਮੈਦਾਨ ’ਚ ਹਨ। ਐੱਸਜੀਪੀਸੀ ਦੇ 157 ਮੈਂਬਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਵੋਟਿੰਗ ਸਿਰਫ਼ ਪ੍ਰਧਾਨ ਦੇ ਅਹੁਦੇ ਲਈ ਹੋਵੇਗੀ। ਉਸ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਦੇ 11 ਮੈਂਬਰ ਵੀ ਚੁਣੇ ਜਾਣਗੇ।







