ਲਾਰੈਂਸ ਬਿਸ਼ਨੋਈ ਗੈਂਗ ਦੇ ਖ਼ਤਰਨਾਕ ‘ਇੰਸੂਲੇਸ਼ਨ ਸਿਸਟਮ’ ਅਤੇ ਨਿੱਝਰ ਕਤਲਕਾਂਡ ਦੇ ਸਬੰਧਾਂ ਦਾ ਹੋਇਆ ਵੱਡਾ ਖੁਲਾਸਾ
ਵੈਨਕੂਵਰ, 17 ਜੂਨ 2026: ਕੈਨੇਡਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਅਭਿਜੀਤ ਕਿੰਗਰਾ ਨੂੰ ਕੈਨੇਡਾ ਤੋਂ ਜਲਦ ਹੀ ਭਾਰਤ ਡਿਪੋਰਟ (ਦੇਸ਼ ਨਿਕਾਲਾ) ਕੀਤਾ ਜਾਵੇਗਾ। ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ (IRB) ਨੇ ਇਸ ਸਬੰਧੀ ਰਸਮੀ ਹੁਕਮ ਜਾਰੀ ਕਰ ਦਿੱਤੇ ਹਨ। ਇੰਟਰਨੈਸ਼ਨਲ ਬਿਊਰੋ ਆਫ਼ ਇਨਵੈਸਟੀਗੇਸ਼ਨ (IB) ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਅਦਾਲਤ ਵਿੱਚ ਸਪੱਸ਼ਟ ਕੀਤਾ ਕਿ ਕਿੰਗਰਾ ਵਰਗੇ ਖ਼ਤਰਨਾਕ ਅਪਰਾਧੀ ਨੂੰ ਕੈਨੇਡੀਅਨ ਧਰਤੀ ‘ਤੇ ਰਹਿਣ ਦਾ ਕੋਈ ਹੱਕ ਨਹੀਂ ਹੈ। ਭਾਰਤ ਤੋਂ ਵਿਦਿਆਰਥੀ (ਸਟੂਡੈਂਟ) ਵੀਜ਼ੇ ‘ਤੇ ਕੈਨੇਡਾ ਗਏ ਅਭਿਜੀਤ ਕਿੰਗਰਾ ਨੂੰ ਉੱਥੇ ਭਾਰਤੀ ਮੂਲ ਦੇ ਲੋਕਾਂ ਤੋਂ ਜਬਰੀ ਵਸੂਲੀ ਅਤੇ ਫਾਇਰਿੰਗ ਕਰਨ ਦੇ ਦੋਸ਼ ਹੇਠ ਪਹਿਲਾਂ ਹੀ ਛੇ ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਅਤੇ ਉਹ ਪਿਛਲੇ ਇੱਕ ਸਾਲ ਤੋਂ ਕੈਨੇਡਾ ਦੀ ਜੇਲ੍ਹ ਵਿੱਚ ਬੰਦ ਹੈ।
ਇਸ ਮਾਮਲੇ ਦੀ ਸੁਣਵਾਈ ਦੌਰਾਨ ਅਭਿਜੀਤ ਕਿੰਗਰਾ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਉਸ ਨੇ ਮੰਨਿਆ ਕਿ ਵਿਨੀਪੈੱਗ ਵਿੱਚ ਇੱਕ ਮੂਵਿੰਗ ਕੰਪਨੀ ਵਿੱਚ ਕੰਮ ਕਰਨ ਦੌਰਾਨ ਉਹ ਬਿਸ਼ਨੋਈ ਗੈਂਗ ਦੇ ਸੰਪਰਕ ਵਿੱਚ ਆਇਆ ਸੀ। 2 ਸਤੰਬਰ 2024 ਨੂੰ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਆਈਲੈਂਡ ਸਥਿਤ ਏਪੀ ਢਿੱਲੋਂ ਦੇ ਘਰ ‘ਤੇ ਹੋਏ ਹਮਲੇ ਲਈ ਉਸ ਨੂੰ ਉਸ ਦੇ ਇੱਕ ਸਾਥੀ ਨੇ ਸਿਰਫ਼ 4,000 ਕੈਨੇਡੀਅਨ ਡਾਲਰ (ਲਗਭਗ 2.5 ਲੱਖ ਰੁਪਏ) ਦਾ ਲਾਲਚ ਦਿੱਤਾ ਸੀ। ਵਾਰਦਾਤ ਵਾਲੀ ਰਾਤ ਦੋ ਹਮਲਾਵਰਾਂ ਨੇ ਗਾਇਕ ਦੇ ਘਰ ਨੂੰ ਨਿਸ਼ਾਨਾ ਬਣਾਇਆ, ਜਿੱਥੇ ਕਿੰਗਰਾ ਨੇ ਅੰਨ੍ਹੇਵਾਹ 14 ਗੋਲੀਆਂ ਚਲਾਈਆਂ ਅਤੇ ਉਸ ਦੇ ਸਾਥੀ ਵਿਕਰਮ ਸ਼ਰਮਾ ਨੇ ਬਾਹਰ ਖੜ੍ਹੀਆਂ ਗੱਡੀਆਂ ‘ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਕਿੰਗਰਾ ਨੇ ਖੁਦ ਇਸ ਘਟਨਾ ਦੀ ਵੀਡੀਓ ਆਪਣੇ ਫ਼ੋਨ ‘ਤੇ ਰਿਕਾਰਡ ਕੀਤੀ ਸੀ, ਜਿਸ ਨੂੰ ਬਾਅਦ ਵਿੱਚ ਬਿਸ਼ਨੋਈ ਗੈਂਗ ਨੇ ਧਮਕੀ ਵਜੋਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਅਤੇ ਇਹੀ ਵੀਡੀਓ ਬਾਅਦ ਵਿੱਚ ਪੁਲਿਸ ਲਈ ਸਭ ਤੋਂ ਪੁਖ਼ਤਾ ਸਬੂਤ ਬਣੀ। ਇਸ ਵਾਰਦਾਤ ਵਿੱਚ ਸ਼ਾਮਲ ਉਸ ਦਾ ਮੁੱਖ ਸਾਥੀ ਵਿਕਰਮ ਸ਼ਰਮਾ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਚਣ ਲਈ ਕੈਨੇਡਾ ਤੋਂ ਭੱਜ ਕੇ ਭਾਰਤ ਆ ਚੁੱਕਾ ਹੈ ਅਤੇ ਵਰਤਮਾਨ ਵਿੱਚ ਕੈਨੇਡੀਅਨ ਪੁਲਿਸ (RCMP) ਦਾ ਸਭ ਤੋਂ ਲੋੜੀਂਦਾ ਭਗੌੜਾ ਹੈ।
ਦੇਸ਼ ਨਿਕਾਲੇ ਦੀ ਕਾਰਵਾਈ ਤੋਂ ਬਚਣ ਲਈ ਅਭਿਜੀਤ ਕਿੰਗਰਾ ਨੇ ਬੋਰਡ ਦੇ ਮੈਂਬਰ ਅਜ਼ੀਮ ਲਾਲਜੀ ਦੇ ਸਾਹਮਣੇ ਭਾਵੁਕ ਡਰਾਮਾ ਕਰਦਿਆਂ ਗੁਹਾਰ ਲਗਾਈ ਕਿ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਅਤੇ ਬੇਰੁਜ਼ਗਾਰੀ ਤੇ ਸ਼ਾਰਟਕੱਟ ਰਾਹੀਂ ਅਮੀਰ ਬਣਨ ਦੇ ਲਾਲਚ ਵਿੱਚ ਇਸ ਦਲਦਲ ਵਿੱਚ ਫਸ ਗਿਆ। ਉਸ ਨੇ ਦਾਅਵਾ ਕੀਤਾ ਕਿ ਜੇਕਰ ਉਸ ਨੂੰ ਭਾਰਤ ਭੇਜਿਆ ਗਿਆ ਤਾਂ ਲਾਰੈਂਸ ਬਿਸ਼ਨੋਈ ਗੈਂਗ ਜੇਲ੍ਹ ਦੇ ਅੰਦਰ ਜਾਂ ਬਾਹਰ ਉਸ ਦਾ ਕਤਲ ਕਰ ਦੇਵੇਗਾ। ਪੁੱਛਗਿੱਛ ਦੌਰਾਨ ਗੈਂਗ ਦੇ ਆਕਾਵਾਂ ਬਾਰੇ ਪੁੱਛਣ ‘ਤੇ ਉਸ ਨੇ ਆਪਣੀ ਯਾਦਦਾਸ਼ਤ ਚਲੀ ਜਾਣ ਦਾ ਬਹਾਨਾ ਬਣਾਇਆ, ਜਿਸ ਨੂੰ ਅਦਾਲਤ ਨੇ ਝੂਠਾ ਕਰਾਰ ਦਿੰਦਿਆਂ ਰੱਦ ਕਰ ਦਿੱਤਾ। ਬੋਰਡ ਨੇ ਕਿਹਾ ਕਿ ਕਿੰਗਰਾ ਕੋਲ ਆਪਣੀ ਜਾਨ ਨੂੰ ਖ਼ਤਰਾ ਹੋਣ ਦਾ ਕੋਈ ਠੋਸ ਦਸਤਾਵੇਜ਼ੀ ਸਬੂਤ ਨਹੀਂ ਹੈ।
ਸੁਣਵਾਈ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀ ਜਸਬੀਰ ਸੰਧੂ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਕੈਨੇਡਾ ਵਿਚਲੇ ਨੈੱਟਵਰਕ ਨੂੰ ਲੈ ਕੇ ਬੇਹੱਦ ਚੌਂਕਾਉਣ ਵਾਲੇ ਤੱਥ ਪੇਸ਼ ਕੀਤੇ। ਉਨ੍ਹਾਂ ਦੱਸਿਆ ਕਿ ਇਹ ਗੈਂਗ ਇੱਕ ਬੇਹੱਦ ਆਧੁਨਿਕ ‘ਇੰਸੂਲੇਸ਼ਨ ਸਿਸਟਮ’ ਰਾਹੀਂ ਕੰਮ ਕਰਦਾ ਹੈ, ਜਿਸ ਵਿੱਚ ਜ਼ਮੀਨੀ ਪੱਧਰ ਦੇ ਸ਼ੂਟਰ ਸਿਰਫ਼ ਆਪਣੇ ਤੁਰੰਤ ਉੱਪਰਲੇ ਇੱਕ ਵਿਅਕਤੀ ਨੂੰ ਜਾਣਦੇ ਹਨ ਅਤੇ ਉਨ੍ਹਾਂ ਨੂੰ ਇਹ ਕਦੇ ਪਤਾ ਨਹੀਂ ਹੁੰਦਾ ਕਿ ਅਸਲ ਮਾਸਟਰਮਾਈਂਡ ਕੌਣ ਹੈ ਜਾਂ ਪੈਸਾ ਕਿੱਥੋਂ ਆ ਰਿਹਾ ਹੈ। ਲਾਰੈਂਸ ਬਿਸ਼ਨੋਈ ਭਾਰਤ ਦੀ ਜੇਲ੍ਹ ਵਿੱਚ ਬੰਦ ਹੋਣ ਦੇ ਬਾਵਜੂਦ ਸੋਸ਼ਲ ਮੀਡੀਆ ਰਾਹੀਂ ਕੈਨੇਡਾ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਦਾ ਹੈ। ਕੈਨੇਡਾ ਵਿੱਚ ਉਸ ਦਾ ਮੁੱਖ ਹੈਂਡਲਰ ਗੋਲਡੀ ਬਰਾੜ ਰਿਹਾ ਹੈ, ਜਿਸ ਦੇ ਅਧੀਨ ਗੋਲਡੀ ਢਿੱਲੋਂ ਨਾਂ ਦਾ ਸਬ-ਕੰਟਰੈਕਟਰ ਵਿਦਿਆਰਥੀ ਵੀਜ਼ੇ ‘ਤੇ ਆਉਣ ਵਾਲੇ ਭਾਰਤੀ ਮੁੰਡਿਆਂ ਨੂੰ ਲੱਭ ਕੇ ਉਨ੍ਹਾਂ ਨੂੰ ਸ਼ੂਟਰ ਵਜੋਂ ਸਿਖਲਾਈ ਦਿੰਦਾ ਹੈ।
ਸੀਬੀਐਸਏ (CBSA) ਦੇ ਅਧਿਕਾਰੀ ਨੇ ਅਦਾਲਤ ਵਿੱਚ ਇਹ ਵੱਡਾ ਦਾਅਵਾ ਵੀ ਕੀਤਾ ਕਿ ਇਹ ਗੈਂਗ ਬ੍ਰਿਟਿਸ਼ ਕੋਲੰਬੀਆ ਦੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਹੱਤਿਆਕਾਂਡ ਵਿੱਚ ਵੀ ਸ਼ਾਮਲ ਸੀ ਅਤੇ ਕੈਨੇਡੀਅਨ ਪੁਲਿਸ ਮੁਤਾਬਕ ਭਾਰਤ ਸਰਕਾਰ ਦੇ ਏਜੰਟਾਂ ਨੇ ਨਿੱਝਰ ਦੇ ਕਤਲ ਲਈ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਦੀ ਵਰਤੋਂ ਕੀਤੀ ਸੀ, ਹਾਲਾਂਕਿ ਭਾਰਤ ਸਰਕਾਰ ਇਨ੍ਹਾਂ ਦੋਸ਼ਾਂ ਨੂੰ ਲਗਾਤਾਰ ਸਿਰੇ ਤੋਂ ਖਾਰਜ ਕਰਦੀ ਆ ਰਹੀ ਹੈ। ਬਿਸ਼ਨੋਈ ਗੈਂਗ ਦੀ ਦਲੇਰੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਇਸ ਗੈਂਗ ਨੇ ਬ੍ਰਿਟਿਸ਼ ਕੋਲੰਬੀਆ ਦੇ ਇੱਕ ਸਥਾਨਕ ਪੁਲਿਸ ਸਟੇਸ਼ਨ ਨੂੰ ਸਿੱਧਾ ਪੱਤਰ ਭੇਜ ਕੇ ਦਾਅਵਾ ਕੀਤਾ ਸੀ ਕਿ ਕੈਨੇਡਾ ਦੀ ਧਰਤੀ ‘ਤੇ ਉਨ੍ਹਾਂ ਦੇ 1,000 ਤੋਂ ਵੱਧ ਸ਼ੂਟਰ ਮੌਜੂਦ ਹਨ, ਹਾਲਾਂਕਿ ਖੁਫੀਆ ਏਜੰਸੀਆਂ ਮੁਤਾਬਕ ਦੁਨੀਆ ਭਰ ਵਿੱਚ ਇਸ ਗੈਂਗ ਦੇ ਸਰਗਰਮ ਮੈਂਬਰਾਂ ਦੀ ਗਿਣਤੀ 700 ਦੇ ਕਰੀਬ ਹੈ।







