ਵੈਨੇਜ਼ੁਏਲਾ ‘ਚ ਭੂਚਾਲ ਨਾਲ ਵੱਡੀ ਤਬਾਹੀ, ਪੀਐਮ ਮੋਦੀ ਨੇ ਕਿਹਾ- ਭਾਰਤ ਹਰ ਸੰਭਵ ਮਦਦ ਲਈ ਤਿਆਰ

ਫੈਕਟ ਸਮਾਚਾਰ ਸੇਵਾ

ਕਾਰਾਕਾਸ , ਜੂਨ 25

ਵੈਨੇਜ਼ੁਏਲਾ ਦੇ ਉੱਤਰੀ ਤੱਟ ਦੇ ਨੇੜੇ ਆਏ ਭੂਚਾਲ ਦੇ ਜ਼ੋਰਦਾਰ ਝਟਕਿਆਂ ਨੇ ਭਿਆਨਕ ਤਬਾਹੀ ਮਚਾਈ ਹੈ। ਇਸ ਜ਼ੋਰਦਾਰ ਭੂਚਾਲ ਵਿੱਚ ਹੁਣ ਤੱਕ 32 ਲੋਕਾਂ ਦੀ ਮੌਤ ਅਤੇ 700 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਪੀਐਮ ਮੋਦੀ ਨੇ ਵੈਨੇਜ਼ੁਏਲਾ ਵਿੱਚ ਆਏ ਭੂਚਾਲ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਵੈਨੇਜ਼ੁਏਲਾ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਕਾਰਨ ਹੋਈ ਤਬਾਹੀ ਤੋਂ ਬਹੁਤ ਦੁੱਖ ਹੋਇਆ ਹੈ। ਭਾਰਤ ਦੇ ਲੋਕਾਂ ਵੱਲੋਂ ਮੈਂ ਵੈਨੇਜ਼ੁਏਲਾ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਪ੍ਰਤੀ ਅਤੇ ਖਾਸ ਕਰਕੇ ਉਨ੍ਹਾਂ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਖੋਹ ਦਿੱਤਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਤੁਰੰਤ ਬਾਅਦ ਅਮਰੀਕੀ ਮਦਦ ਦੀ ਪੇਸ਼ਕਸ਼ ਕੀਤੀ। ਟਰੰਪ ਨੇ ਕਿਹਾ ਕਿ “ਵੈਨੇਜ਼ੁਏਲਾ ਵਿੱਚ ਸ਼ਕਤੀਸ਼ਾਲੀ ਭੂਚਾਲ ਦਾ ਝਟਕਾ ਆਇਆ ਹੈ। ਇਸ ਨਾਲ ਬਹੁਤ ਵੱਡੀ ਗਿਣਤੀ ਵਿੱਚ ਮੌਤਾਂ ਹੋਈਆਂ ਹਨ। ਅਮਰੀਕਾ ਮਦਦ ਲਈ ਤਿਆਰ ਅਤੇ ਇੱਛੁਕ ਹੈ। ਮੈਂ ਆਪਣੀ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨੂੰ ਤੇਜ਼ੀ ਨਾਲ ਕੰਮ ਕਰਨ ਲਈ ਤਿਆਰ ਰਹਿਣ ਦਾ ਨਿਰਦੇਸ਼ ਦਿੱਤਾ ਹੈ। ਅਸੀਂ ਆਪਣੇ ਨਵੇਂ ਅਤੇ ਮਹਾਨ ਦੋਸਤਾਂ ਨਾਲ ਖੜ੍ਹੇ ਰਹਾਂਗੇ। ਸ਼ੁਰੂਆਤੀ ਰਿਪੋਰਟਾਂ ਚੰਗੀਆਂ ਨਹੀਂ ਹਨ।”

ਅਮਰੀਕਾ ਨੇ ਵੈਨੇਜ਼ੁਏਲਾ ਲਈ ਐਮਰਜੈਂਸੀ ਮਦਦ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਵਿਦੇਸ਼ੀ ਸਹਾਇਤਾ ਦੇ ਅੰਡਰ ਸੈਕ੍ਰੇਟਰੀ ਜੇਰੇਮੀ ਲੇਵਿਨ ਨੇ ਕਿਹਾ, “ਵੈਨੇਜ਼ੁਏਲਾ ਦੇ ਲੋਕਾਂ ਤੱਕ ਜ਼ਰੂਰੀ ਮਦਦ ਪਹੁੰਚਾਉਣ ਅਤੇ ਉਸ ਦਾ ਤਾਲਮੇਲ ਬਣਾਉਣ ਲਈ ਪਹਿਲਾਂ ਹੀ ਇੱਕ ਆਫ਼ਤ ਸਹਾਇਤਾ ਟੀਮ ਅਤੇ ਟਾਸਕ ਫੋਰਸ ਨੂੰ ਕੰਮ ‘ਤੇ ਲਗਾ ਦਿੱਤਾ ਗਿਆ ਹੈ। ਵੈਨੇਜ਼ੁਏਲਾ ਦੀ ਅੰਤਰਿਮ ਸਰਕਾਰ ਵਿੱਚ ਆਪਣੇ ਸਹਿਯੋਗੀਆਂ ਨਾਲ ਮਿਲ ਕੇ, ਅਮਰੀਕਾ ਇਸ ਦੁਖਦਾਈ ਕੁਦਰਤੀ ਆਫ਼ਤ ਤੋਂ ਬਾਅਦ ਦੇ ਸ਼ੁਰੂਆਤੀ ਅਹਿਮ ਦਿਨਾਂ ਵਿੱਚ ਖੋਜ ਅਤੇ ਬਚਾਅ ਦਲ, ਡਾਕਟਰੀ ਅਤੇ ਮਾਨਵੀ ਸਹਾਇਤਾ ਦਾ ਸਮਾਨ ਅਤੇ ਹੋਰ ਸਰੋਤ ਭੇਜੇਗਾ।”

ਦੱਸ ਦੇਈਏ ਕਿ ਵੈਨੇਜ਼ੁਏਲਾ ਵਿੱਚ ਇੱਕ ਤੋਂ ਬਾਅਦ ਇੱਕ ਭੂਚਾਲ ਦੇ ਦੋ ਸ਼ਕਤੀਸ਼ਾਲੀ ਝਟਕੇ ਮਹਿਸੂਸ ਕੀਤੇ ਗਏ। ਇੱਕ ਮਿੰਟ ਦੇ ਫਰਕ ਨਾਲ ਆਏ 7.1 ਅਤੇ 7.5 ਤੀਬਰਤਾ ਦੇ ਭੂਚਾਲ ਨੇ ਭਿਅੰਕਰ ਤਬਾਹੀ ਮਚਾਈ ਹੈ। ਭੂਚਾਲ ਦੇ ਝਟਕਿਆਂ ਨਾਲ ਦਹਿਸ਼ਤ ਵਿੱਚ ਚੀਕ-ਚਿਹਾੜਾ ਮਚ ਗਿਆ। ਇਸ ਤੋਂ ਬਾਅਦ 20 ਤੋਂ ਵੱਧ (ਆਫਟਰਸ਼ੌਕਸ) ਝਟਕੇ ਮਹਿਸੂਸ ਕੀਤੇ ਗਏ।

ਦੱਸ ਦੇਈਏ ਕਿ ਭੂਚਾਲ ਦੇ ਦੋ ਜ਼ੋਰਦਾਰ ਝਟਕਿਆਂ ਦੇ 5 ਘੰਟੇ ਬੀਤ ਜਾਣ ਤੋਂ ਬਾਅਦ ਵੀ ਵੈਨੇਜ਼ੁਏਲਾ ਦੇ ਅਧਿਕਾਰੀਆਂ ਨੇ ਜਾਨੀ ਨੁਕਸਾਨ ਬਾਰੇ ਬਹੁਤ ਘੱਟ ਜਾਣਕਾਰੀ ਦਿੱਤੀ ਹੈ। ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੌਡਰੀਗੇਜ਼ ਨੇ ਟੀਵੀ ‘ਤੇ ਦਿੱਤੇ ਭਾਸ਼ਣ ਵਿੱਚ ਮੌਤਾਂ ਦੀ ਪੁਸ਼ਟੀ ਤਾਂ ਕੀਤੀ, ਪਰ ਮਰਨ ਵਾਲਿਆਂ ਦੀ ਅਧਿਕਾਰਤ ਸੰਖਿਆ ਨਹੀਂ ਦੱਸੀ।

Leave a Reply

Your email address will not be published. Required fields are marked *

View in English