ਫੈਕਟ ਸਮਾਚਾਰ ਸੇਵਾ
ਲਖਨਊ , ਦਸੰਬਰ 18
ਰਾਜਧਾਨੀ ਲਖਨਊ ‘ਚ ਅੱਜ ਚਿੜੀਆਘਰ ਦੀ ਸਫਾਈ ਕਰਨ ਲਈ ਬਾੜੇ ‘ਚ ਦਾਖਲ ਹੋਏ ਦੋ ਕਰਮਚਾਰੀਆਂ ‘ਤੇ ਇਕ ਹਿੱਪੋ ਨੇ ਹਮਲਾ ਕਰ ਦਿੱਤਾ, ਜਿਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ ਜਦਕਿ ਦੂਜੇ ਦਾ ਸਿਵਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਸ ਘਟਨਾ ਦੀ ਖ਼ਬਰ ਨੇ ਹਲਚਲ ਮਚਾ ਦਿੱਤੀ। ਅੱਜ ਸਵੇਰੇ ਕਰੀਬ 10 ਵਜੇ ਸੂਰਜ ਅਤੇ ਰਾਜੂ ਹਿੱਪੋ ਦੇ ਬਾੜੇ ‘ਚ ਸਫਾਈ ਕਰਨ ਲਈ ਦਾਖਲ ਹੋਏ ਸਨ ਕਿ ਹਿੱਪੋ ਨੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਸੂਰਜ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਹੀ ਕਾਨਪੁਰ ਚਿੜੀਆਘਰ ਤੋਂ ਹਿੱਪੋ ਨੂੰ ਲਿਆਂਦਾ ਗਿਆ ਸੀ।
ਮ੍ਰਿਤਕ ਸੂਰਜ ਕਰੀਬ 12 ਸਾਲਾਂ ਤੋਂ ਚਿੜੀਆਘਰ ਵਿੱਚ ਸਫ਼ਾਈ ਦਾ ਕੰਮ ਕਰ ਰਿਹਾ ਸੀ। ਉਹ ਆਪਣੇ ਪਿੱਛੇ ਇੱਕ ਧੀ ਅਤੇ ਪਤਨੀ ਛੱਡ ਗਿਆ ਹੈ। ਉਹ ਚਿੜੀਆਘਰ ਵਿੱਚ 5500 ਰੁਪਏ ਮਾਸਿਕ ਤਨਖਾਹ ‘ਤੇ ਕੰਮ ਕਰਦਾ ਸੀ। ਉਹ ਕੈਂਪਵੇਲ ਰੋਡ, ਬਰੋਰਾ ਥਾਣਾ ਠਾਕੁਰਗੰਜ ਦਾ ਰਹਿਣ ਵਾਲਾ ਸੀ। ਇਸ ਘਟਨਾ ਕਾਰਨ ਸੂਰਜ ਦੇ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ। ਸੂਰਜ ਦੀ ਮੌਤ ਤੋਂ ਬਾਅਦ ਉਸ ਦੇ ਘਰ ਕੋਈ ਕਮਾਉਣ ਵਾਲਾ ਨਹੀਂ ਹੈ। ਉਸ ਦੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਵਿੱਚ ਇਕੱਠੇ ਹੋ ਗਏ ਹਨ।







