ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਜੂਨ 20
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮਨੁੱਖੀ ਇਸਤੇਮਾਲ ਲਈ 16 ਫਿਕਸਡ ਡੋਜ਼ ਕੰਬੀਨੇਸ਼ਨਾਂ (FDCs – ਦੋ ਜਾਂ ਦੋ ਤੋਂ ਵੱਧ ਦਵਾਈਆਂ ਦੇ ਮਿਸ਼ਰਣ) ਨੂੰ ਬਣਾਉਣ, ਵੇਚਣ ਅਤੇ ਵੰਡਣ (distribution) ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਹ ਨੋਟੀਫਿਕੇਸ਼ਨ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ।
ਪਾਬੰਦੀਸ਼ੁਦਾ ਕੀਤੇ ਗਏ FDCs ਵੱਖ-ਵੱਖ ਇਲਾਜ ਸ਼੍ਰੇਣੀਆਂ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚ ਚਮੜੀ ਦੇ ਇਲਾਜ ਵਾਲੀਆਂ ਦਵਾਈਆਂ, ਦਰਦ ਨਿਵਾਰਕ ਅਤੇ ਪੇਟ ਦਰਦ ਦੀਆਂ ਦਵਾਈਆਂ ਅਤੇ ਐਂਟੀਬਾਇਓਟਿਕ-ਅਧਾਰਿਤ ਦਵਾਈਆਂ ਸ਼ਾਮਲ ਹਨ।
ਇਸ ਪਾਬੰਦੀਸ਼ੁਦਾ ਸੂਚੀ ਵਿੱਚ ਪੈਨਸਿਲਿਨ ਸ਼੍ਰੇਣੀ ਦੇ ਐਂਟੀਬਾਇਓਟਿਕਸ ਸ਼ਾਮਲ ਹਨ। ਇਸ ਤੋਂ ਇਲਾਵਾ ਐਸੀਟਾਈਲਸੈਲੀਸਿਲਿਕ ਐਸਿਡ (ਐਸਪਰੀਨ) ਅਤੇ ਐਥੋਹੈਪਟਾਜ਼ੀਨ ਦਾ ਕੰਬੀਨੇਸ਼ਨ ਵੀ ਬੈਨ ਕੀਤਾ ਗਿਆ ਹੈ, ਜੋ ਕਿ ਇੱਕ ਦਰਦ ਨਿਵਾਰਕ ਦਵਾਈ ਹੈ ਅਤੇ ਇਤਿਹਾਸਕ ਤੌਰ ‘ਤੇ ਹਲਕੇ ਤੋਂ ਦਰਮਿਆਨੇ ਦਰਦ ਦੇ ਪ੍ਰਬੰਧਨ ਲਈ ਵਰਤੀ ਜਾਂਦੀ ਸੀ। ਕਈ ਅਜਿਹੇ ਕੰਬੀਨੇਸ਼ਨ ਵੀ ਇਸ ਸੂਚੀ ਵਿੱਚ ਸ਼ਾਮਲ ਹਨ ਜਿਨ੍ਹਾਂ ਵਿੱਚ ਐਲੋਵੇਰਾ ਇੱਕ ਮੁੱਖ ਸਮੱਗਰੀ ਵਜੋਂ ਵਰਤਿਆ ਜਾਂਦਾ ਹੈ। ਇਸ ਵਿੱਚ ਚਮੜੀ ‘ਤੇ ਲਗਾਉਣ ਵਾਲੇ ਕਈ ਤੱਤਾਂ (ਐਲੋ ਐਕਸਟਰੈਕਟ, ਐਲਨਟੋਇਨ, ਅਲਫ਼ਾ ਟੋਕੋਫੇਰੋਲ ਐਸੀਟੇਟ, ਡੀ-ਪੈਂਥੇਨੋਲ, ਅਤੇ ਵਿਟਾਮਿਨ ਏ) ਦਾ ਮਿਸ਼ਰਣ ਸ਼ਾਮਲ ਹੈ, ਜੋ ਮੁੱਖ ਤੌਰ ‘ਤੇ ਸਕਿਨ ਕਰੀਮਾਂ ਅਤੇ ਲੋਸ਼ਨਾਂ ਵਿੱਚ ਵਰਤਿਆ ਜਾਂਦਾ ਹੈ।
ਸਿਹਤ ਮੰਤਰਾਲੇ ਦਾ ਇਹ ਫੈਸਲਾ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਆਇਆ ਹੈ, ਜਿਸ ਨੇ ਦੇਸ਼ ਵਿੱਚ ਉਪਲੱਬਧ ਫਿਕਸਡ ਡੋਜ਼ ਕੰਬੀਨੇਸ਼ਨਾਂ ਦੀ ਵਿਆਪਕ ਸਮੀਖਿਆ ਕਰਨ ਦਾ ਹੁਕਮ ਦਿੱਤਾ ਸੀ। ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਰੱਗਜ਼ ਟੈਕਨੀਕਲ ਐਡਵਾਈਜ਼ਰੀ ਬੋਰਡ ਨੇ ਵੱਖ-ਵੱਖ FDCs ਦੀ ਜਾਂਚ ਕਰਨ ਅਤੇ ਗੈਰ-ਵਾਜਬ, ਡਾਕਟਰੀ ਤੌਰ ‘ਤੇ ਗਲਤ ਜਾਂ ਮਨੁੱਖੀ ਸਿਹਤ ਲਈ ਖ਼ਤਰਨਾਕ ਸਾਬਤ ਹੋਣ ਵਾਲੀਆਂ ਦਵਾਈਆਂ ਦੀ ਪਛਾਣ ਕਰਨ ਲਈ ਇੱਕ ਮਾਹਰ ਕਮੇਟੀ ਦਾ ਗਠਨ ਕੀਤਾ ਸੀ।
ਇਸ ਮਾਹਰ ਕਮੇਟੀ ਦੇ ਵਿਗਿਆਨਕ ਮੁਲਾਂਕਣ ਅਤੇ ਸਿਫ਼ਾਰਸ਼ਾਂ ਦੇ ਆਧਾਰ ‘ਤੇ ਸਰਕਾਰ ਨੇ ਇਨ੍ਹਾਂ 16 FDCs ਵਿਰੁੱਧ ਕਾਰਵਾਈ ਕੀਤੀ ਹੈ। ਜਾਂਚ ਵਿੱਚ ਪਾਇਆ ਗਿਆ ਕਿ ਇਹ ਦਵਾਈਆਂ ਮੈਡੀਕਲ ਤੌਰ ‘ਤੇ ਸਹੀ ਨਹੀਂ ਸਨ ਅਤੇ ਇਨ੍ਹਾਂ ਦੇ ਸੰਭਾਵੀ ਖ਼ਤਰਿਆਂ ਨੂੰ ਦੇਖਦੇ ਹੋਏ ਇਨ੍ਹਾਂ ਦੀ ਲਗਾਤਾਰ ਵਰਤੋਂ ਫਾਇਦੇਮੰਦ ਨਹੀਂ ਮੰਨੀ ਗਈ ਸੀ।
ਇਸ ਮੁਤਾਬਕ ਦੇਸ਼ ਭਰ ਵਿੱਚ ਮਨੁੱਖੀ ਇਸਤੇਮਾਲ ਲਈ ਇਨ੍ਹਾਂ ਚੁਣੇ ਗਏ 16 FDCs ਦੇ ਉਤਪਾਦਨ, ਵਿਕਰੀ, ਵੰਡ ਅਤੇ ਸਪਲਾਈ ‘ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਰਹੇਗੀ।







