Indigo ਨੂੰ ਸਰਕਾਰ ਨੇ ਦਿੱਤੀ ਵਾਰਨਿੰਗ : ਕੱਲ੍ਹ ਤੱਕ ਰਿਫੰਡ ਕਲੀਅਰ ਕਰੋ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਦਸੰਬਰ 6

ਯਾਤਰੀਆਂ ਦੀਆਂ ਵਧਦੀਆਂ ਸ਼ਿਕਾਇਤਾਂ ਦੌਰਾਨ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਮੰਤਰਾਲੇ ਨੇ ਸਾਫ਼ ਨਿਰਦੇਸ਼ ਦਿੱਤਾ ਹੈ ਕਿ ਇੰਡੀਗੋ ਨੂੰ 7 ਦਸੰਬਰ 2025 ਸ਼ਾਮ 8 ਵਜੇ ਤੱਕ ਆਪਣੇ ਸਾਰੇ ਬਕਾਇਆ ਰਿਫੰਡ ਹਰ ਹਾਲ ‘ਚ ਕਲੀਅਰ ਕਰਨੇ ਪੈਣਗੇ। ਫਲਾਈਟ ਰੱਦ ਹੋਣ ਅਤੇ ਆਪਰੇਸ਼ਨਲ ਸੰਕਟ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਪਰੇਸ਼ਾਨੀ ਝੱਲਣੀ ਪਈ, ਜਿਸ ਤੋਂ ਬਾਅਦ ਸਰਕਾਰ ਨੂੰ ਸਿੱਧਾ ਦਖਲ ਦੇਣਾ ਪਿਆ।

ਮੰਤਰਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਸਮਾਂ-ਸੀਮਾ ਨਹੀਂ ਮੰਨੀ ਗਈ ਤਾਂ ਸਖ਼ਤ ਜਾਂਚ ਅਤੇ ਦੰਡਾਤਮਕ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਏਅਰਲਾਈਨ ਨੂੰ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਯਾਤਰੀਆਂ ਦੀ ਫਲਾਈਟ ਰੱਦ ਜਾਂ ਪ੍ਰਭਾਵਿਤ ਹੋਈ ਹੈ, ਉਨ੍ਹਾਂ ਤੋਂ ਰੀ-ਸ਼ੈਡਿਊਲਿੰਗ ਚਾਰਜ ਨਹੀਂ ਲਿਆ ਜਾਵੇਗਾ।

ਸਥਿਤੀ ਨੂੰ ਆਮ ਕਰਨ ਤੇ ਯਾਤਰੀਆਂ ਨੂੰ ਤੁਰੰਤ ਰਾਹਤ ਦੇਣ ਲਈ ਮੰਤਰਾਲੇ ਨੇ ਇੰਡੀਗੋ ਨੂੰ 24×7 ਹੈਲਪਲਾਈਨ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਨਾਲ ਹੀ, ਏਅਰਲਾਈਨ ਨੂੰ ਵਿਸ਼ੇਸ਼ ਯਾਤਰੀ ਸਪੋਰਟ ਤੇ ਰਿਫੰਡ ਸੈੱਲ ਬਣਾਉਣ ਲਈ ਕਿਹਾ ਗਿਆ ਹੈ ਜੋ ਪ੍ਰਭਾਵਿਤ ਯਾਤਰੀਆਂ ਨਾਲ ਖੁਦ ਸੰਪਰਕ ਕਰ ਕੇ ਰਿਫੰਡ, ਹੋਟਲ ਠਹਿਰਾਅ, ਭੋਜਨ ਤੇ ਬਦਲਵੀਂ ਯਾਤਰਾ ਦਾ ਪ੍ਰਬੰਧ ਯਕੀਨੀ ਬਣਾਏਗਾ। ਮੰਤਰਾਲੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਆਟੋਮੈਟਿਕ ਰਿਫੰਡ ਸਿਸਟਮ ਚਾਲੂ ਰਹੇਗਾ ਤਾਂ ਜੋ ਯਾਤਰੀਆਂ ਨੂੰ ਵਾਰ-ਵਾਰ ਫਾਲੋ-ਅੱਪ ਨਾ ਕਰਨਾ ਪਵੇ।

ਫਲਾਈਟ ਰੱਦ ਹੋਣ ਕਾਰਨ ਹਜ਼ਾਰਾਂ ਯਾਤਰੀਆਂ ਦਾ ਸਮਾਨ ਏਅਰਪੋਰਟ ‘ਤੇ ਹੀ ਫਸਿਆ ਰਹਿ ਗਿਆ ਸੀ। ਇਸ ਨੂੰ ਲੈ ਕੇ ਵੀ ਮੰਤਰਾਲੇ ਨੇ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਹੈ ਕਿ ਇੰਡੀਗੋ ਨੂੰ ਹਰ ਯਾਤਰੀ ਦਾ ਬੈਗੇਜ 48 ਘੰਟਿਆਂ ਦੇ ਅੰਦਰ ਉਨ੍ਹਾਂ ਦੇ ਘਰ ਜਾਂ ਚੁਣੇ ਹੋਏ ਪਤੇ ‘ਤੇ ਪਹੁੰਚਾਉਣਾ ਹੋਵੇਗਾ। ਇਸ ਦੇ ਲਈ ਯਾਤਰੀਆਂ ਨੂੰ ਫੋਨ ਰਾਹੀਂ ਸੰਪਰਕ ਕਰਕੇ ਡਿਲੀਵਰੀ ਤੈਅ ਕਰਨੀ ਹੋਵੇਗੀ। ਨਾਲ ਹੀ ਏਅਰਲਾਈਨ ਨੂੰ ਬੈਗੇਜ ਟ੍ਰੈਕਿੰਗ ਅਤੇ ਮੁਆਵਜ਼ਾ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Leave a Reply

Your email address will not be published. Required fields are marked *

View in English