ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਮਾਰਚ 12
ਮੁੰਬਈ ਪੁਲੀਸ ਨੇ ਏਅਰ ਇੰਡੀਆ ਦੀ ਫਲਾਈਟ ‘ਚ ਸਿਗਰਟ ਪੀ ਕੇ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਨ ਵਾਲੇ ਯਾਤਰੀ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ। ਦੋਸ਼ੀ ਦਾ ਨਾਮ ਰਮਾਕਾਂਤ ਹੈ ਅਤੇ ਉਹ ਭਾਰਤੀ-ਅਮਰੀਕੀ ਨਾਗਰਿਕ ਹੈ। ਦੋਸ਼ ਹੈ ਕਿ 11 ਮਾਰਚ ਨੂੰ ਰਮਾਕਾਂਤ ਨੇ ਏਅਰ ਇੰਡੀਆ ਦੀ ਲੰਡਨ-ਮੁੰਬਈ ਫਲਾਈਟ ਦੇ ਬਾਥਰੂਮ ਵਿੱਚ ਸਿਗਰਟ ਪੀਤੀ ਸੀ। ਇਸ ਤੋਂ ਬਾਅਦ ਉਸ ਨੇ ਹੋਰ ਯਾਤਰੀਆਂ ਨਾਲ ਵੀ ਦੁਰਵਿਵਹਾਰ ਕੀਤਾ। ਮੁਲਜ਼ਮ ਨੇ ਫਲਾਈਟ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਚਾਲਕ ਦਲ ਦੇ ਮੈਂਬਰਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਨਾਲ ਵੀ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਚਾਲਕ ਦਲ ਦੇ ਮੈਂਬਰਾਂ ਨੂੰ ਦੱਸਿਆ ਕਿ ਉਸ ਦੇ ਬੈਗ ਵਿਚ ਕੁਝ ਦਵਾਈਆਂ ਹਨ। ਹਾਲਾਂਕਿ ਪੁਲਿਸ ਦੀ ਜਾਂਚ ਵਿੱਚ ਅਜਿਹਾ ਕੁੱਝ ਨਹੀਂ ਮਿਲਿਆ। ਮੁੰਬਈ ਪੁਲੀਸ ਨੇ ਦੱਸਿਆ ਕਿ ਦੋਸ਼ੀ ਦੇ ਸੈਂਪਲ ਟੈਸਟ ਲਈ ਲੈਬ ‘ਚ ਭੇਜ ਦਿੱਤੇ ਗਏ ਹਨ। ਇਸ ਤੋਂ ਪਤਾ ਲੱਗੇਗਾ ਕਿ ਉਹ ਨਸ਼ੇ ਦੀ ਹਾਲਤ ਵਿਚ ਸੀ ਜਾਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ।







