CM ਮਨੋਹਰ ਲਾਲ ਖੱਟਰ ਦੀ ਰਿਹਾਇਸ਼ ਦਾ ਘਿਰਾਓ ਕਰਨ ਗਈਆਂ ਆਸ਼ਾ ਵਰਕਰਾਂ ਦੀ ਪੁਲਿਸ ਨਾਲ ਹੋਈ ਹੱਥੋਪਾਈ

ਫੈਕਟ ਸਮਾਚਾਰ ਸੇਵਾ

ਕਰਨਾਲ, ਸਤੰਬਰ 13

ਆਪਣੀਆ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ਦਾ ਘਿਰਾਓ ਕਰਨ ਗਈਆਂ ਆਸ਼ਾ ਵਰਕਰਾਂ ਦੀ ਪੁਲਿਸ ਨਾਲ ਹੱਥੋਪਾਈ ਹੋ ਗਈ। ਆਸ਼ਾ ਵਰਕਰ ਯੂਨੀਅਨ ਨੇ ਮਰਦ ਪੁਲਿਸ ਮੁਲਾਜ਼ਮਾਂ ਵਲੋਂ ਔਰਤਾਂ ਨੂੰ ਰੋਕਣ ’ਤੇ ਡੂੰਘੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ।

ਇਸ ਦੌਰਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਦਰਅਸਲ ਆਸ਼ਾ ਵਰਕਰ ਮੁੱਖ ਮੰਤਰੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਦੀ ਪ੍ਰੇਮ ਨਗਰ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਲਈ ਨਿਕਲ ਗਈਆਂ। ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ’ਤੇ ਪੁਲਿਸ ਨੇ ਬੈਰੀਕੇਡ ਲਾ ਕੇ ਆਸ਼ਾ ਵਰਕਰਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ। ਇਸ ਦੌਰਾਨ ਪੁਰਸ਼ ਪੁਲਿਸ ਮੁਲਾਜ਼ਮਾਂ ਨੇ ਆਸ਼ਾ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਹੱਥੋਪਾਈ ਵੀ ਹੋਈ। ਬਾਅਦ ਵਿਚ ਮਹਿਲਾ ਪੁਲਿਸ ਮੁਲਾਜ਼ਮ ਵੀ ਆਸ਼ਾ ਵਰਕਰਾਂ ਨੂੰ ਪਿੱਛੇ ਧੱਕਦੇ ਦੇਖੇ ਗਏ। ਜਿਸ ਕਾਰਨ ਪ੍ਰਦਰਸ਼ਨਕਾਰੀ ਆਸ਼ਾ ਵਰਕਰਾਂ ਨੇ ਸੜਕ ’ਤੇ ਹੀ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਨੁਮਾਇੰਦਿਆਂ ਨੇ ਡਿਊਟੀ ਮੈਜਿਸਟਰੇਟ ਵਿਸ਼ਵਾਸ ਮਲਿਕ ਨੂੰ ਮੰਗ ਪੱਤਰ ਸੌਂਪਿਆ।

ਇਸ ਮੌਕੇ ਮੁੱਖ ਮੰਤਰੀ ਦੇ ਨੁਮਾਇੰਦੇ ਸੰਜੇ ਬਠਲਾ ਵੀ ਮੌਕੇ ’ਤੇ ਮੌਜੂਦ ਸਨ। ਇਸ ਮੌਕੇ ਸੀਟੂ ਦੀ ਜ਼ਿਲ੍ਹਾ ਮੁਖੀ ਕਵਿਤਾ ਨੀਰੂ, ਸੀਟੂ ਦੇ ਜ਼ਿਲ੍ਹਾ ਕੈਸ਼ੀਅਰ ਓ.ਪੀ.ਮਾਟਾ, ਜਗਪਾਲ ਰਾਣਾ ਅਤੇ ਐਸ.ਕੇ.ਐਸ ਦੇ ਮੁਖੀ ਸੁਸ਼ੀਲ ਗੁੱਜਰ ਨੇ ਕਿਹਾ ਕਿ ਸਰਕਾਰ ਦਮਨ ਦਾ ਰਾਹ ਛੱਡ ਕੇ ਆਸ਼ਾ ਵਰਕਰ ਯੂਨੀਅਨ ਨਾਲ ਗੱਲਬਾਤ ਕਰਕੇ ਮੰਗਾਂ ਨੂੰ ਲਾਗੂ ਕਰੇ ਅਤੇ ਹੜਤਾਲ ਖ਼ਤਮ ਕਰਵਾਏ। ਆਸ਼ਾ ਵਰਕਰ ਪਿਛਲੇ 37 ਦਿਨਾਂ ਤੋਂ ਹੜਤਾਲ ’ਤੇ ਹਨ।

Leave a Reply

Your email address will not be published. Required fields are marked *

View in English