ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ: ਘਰੇਲੂ ਬਿਜਲੀ ਖਪਤਕਾਰਾਂ ਲਈ ‘OTS ਸਕੀਮ’ ਲਾਂਚ, 518 ਕਰੋੜ ਰੁਪਏ ਦਾ ਜੁਰਮਾਨਾ ਤੇ ਵਿਆਜ ਹੋਵੇਗਾ ਮੁਆਫ਼; ਸਿਆਸੀ ਵਿਰੋਧੀਆਂ ’ਤੇ ਵੀ ਸਾਧੇ ਤਿੱਖੇ ਨਿਸ਼ਾਨੇ
ਚੰਡੀਗੜ੍ਹ, 13 ਨਵੰਬਰ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਘਰੇਲੂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦੇਣ ਲਈ ‘ਵਨ ਟਾਈਮ ਸੈਟਲਮੈਂਟ’ (OTS) ਸਕੀਮ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਸਕੀਮ ਤਹਿਤ 31 ਮਾਰਚ, 2026 ਤੱਕ ਦੇ ਬਕਾਇਆ ਬਿਜਲੀ ਬਿੱਲਾਂ ਉੱਤੇ ਲੱਗੇ ਜੁਰਮਾਨੇ (Penalty) ਅਤੇ ਵਿਆਜ (Interest) ਨੂੰ ਪੂਰੀ ਤਰ੍ਹਾਂ ਮੁਆਫ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਗਾਮੀ ਚੋਣਾਂ, ਟਿਕਟਾਂ ਦੀ ਵੰਡ, ਦਿੱਲੀ ਪ੍ਰਦੂਸ਼ਣ ਅਤੇ ਅਕਾਲੀ-ਭਾਜਪਾ ਗੱਠਜੋੜ ਵਰਗੇ ਭਖਵੇਂ ਮੁੱਦਿਆਂ ‘ਤੇ ਵਿਰੋਧੀ ਧਿਰਾਂ ਨੂੰ ਕਰੜੇ ਹੱਥੀਂ ਲਿਆ।
ਬਿਜਲੀ OTS ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ:
- 24.86 ਲੱਖ ਖਪਤਕਾਰਾਂ ਨੂੰ ਮਿਲੇਗਾ ਸਿੱਧਾ ਲਾਭ: ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਘਰੇਲੂ ਖਪਤਕਾਰਾਂ ਵੱਲ ਕੁੱਲ 2,516 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਹੈ, ਜਿਸ ਵਿੱਚੋਂ ਸਰਕਾਰ 518 ਕਰੋੜ ਰੁਪਏ ਦਾ ਜੁਰਮਾਨਾ ਅਤੇ ਵਿਆਜ ਮੁਆਫ਼ ਕਰਨ ਜਾ ਰਹੀ ਹੈ। ਇਸ ਦਾ ਸਿੱਧਾ ਫਾਇਦਾ 24 ਲੱਖ 86 ਹਜ਼ਾਰ ਖਪਤਕਾਰਾਂ ਨੂੰ ਹੋਵੇਗਾ।
- 45 ਦਿਨਾਂ ਵਿੱਚ ਜਮ੍ਹਾਂ ਕਰਵਾਉਣੀ ਹੋਵੇਗੀ ਰਕਮ, 2 ਕਿਸ਼ਤਾਂ ਦੀ ਸਹੂਲਤ: ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਕੱਲ੍ਹ (14 ਨਵੰਬਰ) ਨੂੰ ਜਾਰੀ ਹੋ ਜਾਵੇਗਾ। ਸਰਕੂਲਰ ਜਾਰੀ ਹੋਣ ਤੋਂ 45 ਦਿਨਾਂ ਦੇ ਅੰਦਰ ਖਪਤਕਾਰਾਂ ਨੂੰ ਮੂਲ ਬਕਾਇਆ ਰਕਮ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨੀ ਹੋਵੇਗੀ, ਜਿਸ ਨੂੰ 6-6 ਮਹੀਨਿਆਂ ਦੀਆਂ ਦੋ ਆਸਾਨ ਕਿਸ਼ਤਾਂ ਵਿੱਚ ਅਦਾ ਕੀਤਾ ਜਾ ਸਕੇਗਾ।
- ਦਫ਼ਤਰਾਂ ਦੀ ਖੱਜਲ-ਖੁਆਰੀ ਖ਼ਤਮ, ਕੱਟੇ ਮੀਟਰ ਮੁੜ ਲੱਗਣਗੇ: ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ OTS ਸਕੀਮਾਂ ਵਿੱਚ ਫਾਰਮ ਜਾਂ ਪੋਰਟਲ ਨਾ ਮਿਲਣ ਕਾਰਨ ਲੋਕ ਦਫ਼ਤਰਾਂ ਵਿੱਚ ਖੱਜਲ ਹੁੰਦੇ ਸਨ, ਪਰ ਹੁਣ ਪਾਵਰਕਾਮ ਖ਼ੁਦ ਖਪਤਕਾਰਾਂ ਨੂੰ OTS ਬਿੱਲ ਭੇਜੇਗਾ। ਚਾਹੇ ਬਕਾਇਆ ਕਿੰਨੇ ਵੀ ਸਾਲ ਪੁਰਾਣਾ ਹੋਵੇ ਅਤੇ ਜਿਨ੍ਹਾਂ ਖਪਤਕਾਰਾਂ ਦੇ ਬਿਜਲੀ ਮੀਟਰ ਕੱਟੇ ਜਾ ਚੁੱਕੇ ਹਨ, ਉਹ ਵੀ ਇਸ ਸਕੀਮ ਤਹਿਤ ਬਿੱਲ ਭਰ ਕੇ ਆਪਣੇ ਮੀਟਰ ਮੁੜ ਲਗਵਾ ਸਕਣਗੇ।
ਟਿਕਟਾਂ ਕੱਟਣ ’ਤੇ ਨਾਰਾਜ਼ ਆਗੂਆਂ ਨੂੰ ਨਸੀਹਤ
ਆਮ ਆਦਮੀ ਪਾਰਟੀ ਵੱਲੋਂ ਐਲਾਨੇ ਜਾ ਰਹੇ ਉਮੀਦਵਾਰਾਂ ਤੋਂ ਬਾਅਦ ਕੁਝ ਵਿਧਾਇਕਾਂ ਅਤੇ ਆਗੂਆਂ ਦੀ ਨਾਰਾਜ਼ਗੀ ਬਾਰੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਟਿਕਟ ਕੱਟੇ ਜਾਣ ‘ਤੇ ਥੋੜ੍ਹਾ-ਬਹੁਤ ਨਾਰਾਜ਼ ਹੋਣਾ ਇਨਸਾਨੀ ਫ਼ਿਤਰਤ ਹੈ, ਪਰ ਪਾਰਟੀ ਹਮੇਸ਼ਾ ਵਿਅਕਤੀ ਨਾਲੋਂ ਵੱਡੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਨੂੰ ਟਿਕਟ ਨਹੀਂ ਮਿਲ ਸਕਦੀ ਅਤੇ ਕਈ ਆਗੂਆਂ ਨੂੰ ਸੰਗਠਨ ਵਿੱਚ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਆਪਣੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਨੇ ਹੁਕਮ ਦਿੱਤਾ ਤਾਂ ਉਹ ਖ਼ੁਦ ਜਲਾਲਾਬਾਦ ਜਾ ਕੇ ਚੋਣ ਲੜੇ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਦੀਆਂ ਲੋਕ-ਪੱਖੀ ਸਕੀਮਾਂ ਜਨਤਾ ਤੱਕ ਤੇਜ਼ੀ ਨਾਲ ਪਹੁੰਚਾਉਣ ਲਈ ਉਮੀਦਵਾਰਾਂ ਦਾ ਐਲਾਨ ਸਮੇਂ ਸਿਰ ਕੀਤਾ ਜਾ ਰਿਹਾ ਹੈ ਅਤੇ ਪਾਰਟੀ ਆਪਣੇ ਚੋਣ ਮੈਨੀਫੈਸਟੋ ਦੇ ਸਾਰੇ ਵਾਅਦੇ ਪਹਿਲਾਂ ਹੀ ਪੂਰੇ ਕਰ ਚੁੱਕੀ ਹੈ।
ਸੁਖਬੀਰ ਬਾਦਲ ਤੇ ਬੀਬੀ ਜਗੀਰ ਕੌਰ ’ਤੇ ਤਿੱਖਾ ਤਨਜ਼
ਅਕਾਲੀ-ਭਾਜਪਾ ਗੱਠਜੋੜ ਦੀਆਂ ਚਰਚਾਵਾਂ ਅਤੇ ਬੀਬੀ ਜਗੀਰ ਕੌਰ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਸ਼ਮੂਲੀਅਤ ਟਲਣ ‘ਤੇ ਚੁਟਕੀ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦਿੱਲੀ ਨਹੀਂ ਗਏ, ਸਗੋਂ ਬੀਬੀ ਜਗੀਰ ਕੌਰ ਦੀ ਵਾਪਸੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ (SGPC) ਅੰਦਰ ਪੈਦਾ ਹੋਈ ਨਾਰਾਜ਼ਗੀ ਤੋਂ ਡਰਦਿਆਂ ਇਹ ਪ੍ਰੋਗਰਾਮ ਟਾਲਿਆ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਸੁਖਬੀਰ ਬਾਦਲ ਰਾਏਕੋਟ ਵਿੱਚ ਕਿਸੇ ਆਗੂ ਨੂੰ ਪਾਰਟੀ ‘ਚ ਸ਼ਾਮਲ ਕਰਨ ਗਏ ਸਨ, ਤਾਂ ਕੀ ਉੱਥੇ ਜਗੀਰ ਕੌਰ ਨਾਲੋਂ ਵੀ ਕੋਈ ਵੱਧ ਮਹੱਤਵਪੂਰਨ ਆਗੂ ਸੀ? ਬੀਬੀ ਜਗੀਰ ਕੌਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਵਿਅੰਗ ਕੱਸਿਆ ਕਿ “ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਮਰਦਾ ਹੁੰਦਾ ਹੈ।”
ਦਿੱਲੀ ਪ੍ਰਦੂਸ਼ਣ, ਚੰਨੀ, ਜਾਖੜ ਅਤੇ ਭਾਜਪਾ ਨੂੰ ਲਿਆ ਲੰਮੇ ਹੱਥੀਂ
- ਪ੍ਰਦੂਸ਼ਣ ‘ਤੇ ਸਫ਼ਾਈ: ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਵਾਲਿਆਂ ਨੂੰ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉੱਤਰ ਤੋਂ ਦੱਖਣ ਵੱਲ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲੇ, ਤਾਂ ਵੀ ਪੰਜਾਬ ਦਾ ਧੂੰਆਂ 3 ਦਿਨਾਂ ਵਿੱਚ ਦਿੱਲੀ ਪਹੁੰਚੇਗਾ, ਜਦਕਿ ਹਵਾ ਦੀ ਦਿਸ਼ਾ ਇਸ ਦੇ ਬਿਲਕੁਲ ਉਲਟ ਹੈ। ਉਨ੍ਹਾਂ ਸਵਾਲ ਕੀਤਾ ਕਿ ਝੋਨਾ ਤਾਂ ਲਾਹੌਰ ਵਿੱਚ ਵੀ ਲੱਗਦਾ ਹੈ ਅਤੇ ਜੇਕਰ ਪੰਜਾਬ ਦਾ ਧੂੰਆਂ ਦਿੱਲੀ ਜਾਂਦਾ ਹੈ ਤਾਂ ਉਹ ਦਿੱਲੀ ਤੋਂ ਅੱਗੇ ਕਿਉਂ ਨਹੀਂ ਜਾਂਦਾ? ਉਨ੍ਹਾਂ ਕਿਹਾ ਕਿ ਇਹ ਸਿਰਫ਼ ਪੰਜਾਬ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਹਨ।
- ਵਿਰੋਧੀਆਂ ‘ਤੇ ਪਲਟਵਾਰ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਚੰਨੀ ਟੈਂਟ ਅਤੇ ਪਾਥੀਆਂ ਦੇ ਮਾਹਿਰ ਹਨ, ਉਨ੍ਹਾਂ ਨੂੰ ਹੀ ਵੱਧ ਪਤਾ ਹੈ ਕਿ ਕੌਣ ਕਿਸ ਦੇ ਪਾਥੀਆਂ ਮਾਰੇਗਾ। ਸੁਨੀਲ ਜਾਖੜ ਬਾਰੇ ਉਨ੍ਹਾਂ ਕਿਹਾ ਕਿ ਪਤਾ ਨਹੀਂ ਜਾਖੜ ਹੁਣ ਤੱਕ ਕਿੰਨੀ ਵਾਰ ਸਿਆਸਤ ਤੋਂ ਸੰਨਿਆਸ ਲੈ ਚੁੱਕੇ ਹਨ। ਉੱਥੇ ਹੀ ਪ੍ਰਗਟ ਸਿੰਘ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਸ਼ਾਇਦ ਉਹ ਭੁੱਲ ਗਏ ਹਨ ਕਿ ਬੱਦੀ ਹਿਮਾਚਲ ਪ੍ਰਦੇਸ਼ ਵਿੱਚ ਪੈਂਦਾ ਹੈ ਅਤੇ ਉੱਥੇ ਉਨ੍ਹਾਂ ਦੀ ਆਪਣੀ ਪਾਰਟੀ (ਕਾਂਗਰਸ) ਦੀ ਸਰਕਾਰ ਹੈ।
- ਕੇਂਦਰ ਸਰਕਾਰ ‘ਤੇ ਨਿਸ਼ਾਨਾ: ਮਹਿਲਾ ਰਾਖਵਾਂਕਰਨ ਬਿੱਲ (Women Reservation Bill) ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਇਸ ਬਿੱਲ ਦੀ ਆੜ ਵਿੱਚ ਹੱਦਬੰਦੀ (Delimitation) ਲਿਆਉਣਾ ਚਾਹੁੰਦੀ ਹੈ, ਪਰ ਇਹ ਬਿੱਲ ਪਹਿਲਾਂ ਵੀ ਸੰਸਦ ਵਿੱਚ ਪਾਸ ਨਹੀਂ ਹੋਇਆ ਸੀ ਅਤੇ ਐਤਕੀਂ ਵੀ ਪਾਸ ਨਹੀਂ ਹੋਵੇਗਾ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਭਾਜਪਾ ਨੇ ਅਜਿਹਾ ਨਿਯਮ ਬਣਾਇਆ ਹੋਇਆ ਹੈ ਕਿ ਉਸ ਤੋਂ ਪੁੱਛਗਿੱਛ ਕਰਨ ਲਈ ਉੱਥੋਂ ਦੀ ਜੇਲ੍ਹ ਵਿੱਚ ਹੀ ਜਾਣਾ ਪੈਂਦਾ ਹੈ।
ਅੰਤ ਵਿੱਚ ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ 20,000 ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਨੂੰ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰ ਦਾ ਐਵਾਰਡ ਮਿਲਣਾ ਪੂਰੇ ਪੰਜਾਬ ਲਈ ਬੇਹੱਦ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ।







