ਪੰਜਾਬ ‘ਚ ਸੰਘਣੀ ਧੁੰਦ ਦਾ ਕਹਿਰ: ਮੋਗਾ ਅਤੇ ਫਿਰੋਜ਼ਪੁਰ ‘ਚ 6 ਵਾਹਨ ਟਕਰਾਏ, 9 ਜ਼ਖਮੀ; ਖਿੜਕੀਆਂ ਤੋੜ ਕੇ ਬਾਹਰ ਕੱਢੇ ਲੋਕ

ਮੋਗਾ/ਫਿਰੋਜ਼ਪੁਰ, 10 ਨਵੰਬਰ, 2026: ਪੰਜਾਬ ਵਿੱਚ ਮੰਗਲਵਾਰ ਸਵੇਰੇ ਪਈ ਸੰਘਣੀ ਧੁੰਦ ਅਤੇ ਘੱਟ ਦ੍ਰਿਸ਼ਟਤਾ (Low Visibility) ਕਾਰਨ ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਦੋ ਵੱਡੇ ਸੜਕ ਹਾਦਸੇ ਵਾਪਰ ਗਏ। ਇਨ੍ਹਾਂ ਹਾਦਸਿਆਂ ਵਿੱਚ ਕੁੱਲ 6 ਵਾਹਨ ਆਪਸ ਵਿੱਚ ਟਕਰਾ ਗਏ, ਜਿਸ ਕਾਰਨ ਇੱਕ ਤਿੰਨ ਸਾਲ ਦੇ ਬੱਚੇ ਸਮੇਤ 9 ਲੋਕ ਜ਼ਖਮੀ ਹੋ ਗਏ।

ਪਹਿਲਾ ਹਾਦਸਾ ਸਵੇਰੇ 8:30 ਵਜੇ ਦੇ ਕਰੀਬ ਮੋਗਾ ਦੇ ਬਾਘਾਪੁਰਾਣਾ-ਬਠਿੰਡਾ ਭਾਰਤਮਾਲਾ ਐਕਸਪ੍ਰੈਸਵੇਅ ‘ਤੇ ਵਾਪਰਿਆ, ਜਿੱਥੇ ਧੁੰਦ ਕਾਰਨ ਇੱਕ ਸਕਾਰਪੀਓ ਕਾਰ ਅੱਗੇ ਜਾ ਰਹੀ ਸਵਿਫਟ ਕਾਰ ਨਾਲ ਜਾ ਟਕਰਾਈ। ਟੱਕਰ ਤੋਂ ਬਾਅਦ ਸਕਾਰਪੀਓ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਵੱਜੀ। ਪਿੱਛੇ ਤੋਂ ਆ ਰਹੀਆਂ ਕ੍ਰੇਟਾ ਅਤੇ ਅਰਟੀਗਾ ਕਾਰਾਂ ਵੀ ਜ਼ਬਰਦਸਤ ਧੁੰਦ ਕਾਰਨ ਇਨ੍ਹਾਂ ਵਾਹਨਾਂ ਨਾਲ ਟਕਰਾ ਗਈਆਂ। ਹਾਲਾਂਕਿ, ਏਅਰਬੈਗ ਖੁੱਲ੍ਹਣ ਕਾਰਨ ਕ੍ਰੇਟਾ ਅਤੇ ਅਰਟੀਗਾ ਸਵਾਰ ਵਾਲ-ਵਾਲ ਬਚ ਗਏ।

ਸਵਿਫਟ ਵਿੱਚ ਸਵਾਰ ਬਜ਼ੁਰਗ ਜੋੜਾ ਅਤੇ ਸਕਾਰਪੀਓ ਵਿੱਚ ਸਵਾਰ 5 ਨੌਜਵਾਨ ਤੇ 3 ਸਾਲ ਦਾ ਬੱਚਾ ਜ਼ਖਮੀ ਹੋ ਗਏ। ਵਾਹਨਾਂ ਦੇ ਦਰਵਾਜ਼ੇ ਬੰਦ ਹੋਣ ਕਾਰਨ ਰਾਹਗੀਰਾਂ ਅਤੇ ਖੇਤਾਂ ਵਿੱਚ ਕੰਮ ਕਰਦੇ ਪਿੰਡ ਵਾਸੀਆਂ ਨੇ ਖਿੜਕੀਆਂ ਦੇ ਸ਼ੀਸ਼ੇ ਤੋੜ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ। ਬਾਘਾਪੁਰਾਣਾ ਪੁਲਿਸ ਅਤੇ ਐੱਸਆਰਐੱਫ (Road Safety Force) ਨੇ ਮੌਕੇ ‘ਤੇ ਪਹੁੰਚ ਕੇ ਗੰਭੀਰ ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਅਤੇ ਬਠਿੰਡਾ ਦੇ ਟਰਾਮਾ ਸੈਂਟਰ ਵਿਖੇ ਭੇਜਿਆ।

ਦੂਜੇ ਪਾਸੇ, ਫਿਰੋਜ਼ਪੁਰ ਦੇ ਜ਼ੀਰਾ-ਕੋਟ ਈਸੇ ਖਾਂ ਮੁੱਖ ਮਾਰਗ ‘ਤੇ ਪਿੰਡ ਲੌਂਗੀਵਿੰਡ ਨੇੜੇ ਧੁੰਦ ਕਾਰਨ ਇੱਕ ਨਿੱਜੀ ਬੱਸ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਹਾਦਸੇ ਵਿੱਚ ਬੱਸ ਡਰਾਈਵਰ, ਕੰਡਕਟਰ ਅਤੇ ਕਈ ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਦੋਵਾਂ ਥਾਵਾਂ ‘ਤੇ ਪੁਲਿਸ ਨੇ ਕਰੇਨਾਂ ਦੀ ਮਦਦ ਨਾਲ ਨੁਕਸਾਨੇ ਵਾਹਨਾਂ ਨੂੰ ਹਟਾ ਕੇ ਆਵਾਜਾਈ ਬਹਾਲ ਕਰਵਾਈ।

Leave a Reply

Your email address will not be published. Required fields are marked *

View in English