ਲਾਂਡਰੀ ਬਜਟ ‘ਤੇ ਲੱਗਿਆ ਮਹਿੰਗਾਈ ਦਾ ਝਟਕਾ: HUL ਨੇ ਸਰਫ ਐਕਸਲ, ਰਿਨ ਅਤੇ ਵ੍ਹੀਲ ਸਮੇਤ ਕਈ ਡਿਟਰਜੈਂਟਾਂ ਦੀਆਂ ਕੀਮਤਾਂ ‘ਚ ਕੀਤਾ 11% ਤੱਕ ਵਾਧਾ

ਨਵੀਂ ਦਿੱਲੀ, 10 ਨਵੰਬਰ, 2026 : ਆਮ ਆਦਮੀ ਦੀ ਰਸੋਈ ਦੇ ਬਜਟ ਤੋਂ ਬਾਅਦ ਹੁਣ ਘਰੇਲੂ ਲਾਂਡਰੀ ਦਾ ਬਜਟ ਵੀ ਵਿਗੜਨ ਜਾ ਰਿਹਾ ਹੈ। ਦੇਸ਼ ਦੀ ਪ੍ਰਮੁੱਖ ਐੱਫਐੱਮਸੀਜੀ (FMCG) ਕੰਪਨੀ ਹਿੰਦੁਸਤਾਨ ਯੂਨੀਲੀਵਰ ਲਿਮਟਿਡ (HUL) ਨੇ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਅਤੇ ਇਨਪੁਟ ਲਾਗਤ ਦੇ ਦਬਾਅ ਨੂੰ ਘੱਟ ਕਰਨ ਲਈ ਆਪਣੇ ਸਭ ਤੋਂ ਪ੍ਰਸਿੱਧ ਡਿਟਰਜੈਂਟ ਬ੍ਰਾਂਡਾਂ—ਸਰਫ ਐਕਸਲ, ਰਿਨ ਅਤੇ ਵ੍ਹੀਲ—ਦੀਆਂ ਕੀਮਤਾਂ ਵਿੱਚ 11 ਫੀਸਦੀ ਤੱਕ ਦਾ ਵਾਧਾ ਕਰ ਦਿੱਤਾ ਹੈ। ਵੱਖ-ਵੱਖ ਪੈਕਾਂ ਦੇ ਹਿਸਾਬ ਨਾਲ ਕੀਮਤਾਂ ਵਿੱਚ 1 ਰੁਪਏ ਤੋਂ ਲੈ ਕੇ 10 ਰੁਪਏ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ।

ਸਰਫ ਐਕਸਲ ਸ਼੍ਰੇਣੀ ਵਿੱਚ ਕੁਇੱਕ ਵਾਸ਼ 1 ਕਿਲੋਗ੍ਰਾਮ ਦਾ ਪੈਕ ਹੁਣ 235 ਰੁਪਏ ਦੀ ਥਾਂ 245 ਰੁਪਏ ਵਿੱਚ ਮਿਲੇਗਾ, ਜਦਕਿ 500 ਗ੍ਰਾਮ ਪੈਕ ਦੀ ਕੀਮਤ 123 ਰੁਪਏ ਤੋਂ ਵਧ ਕੇ 128 ਰੁਪਏ ਹੋ ਗਈ ਹੈ। ਈਜ਼ੀ ਵਾਸ਼ 1 ਕਿਲੋਗ੍ਰਾਮ ਦੀ ਕੀਮਤ 167 ਰੁਪਏ ਤੋਂ ਵਧ ਕੇ 172 ਰੁਪਏ ਅਤੇ 500 ਗ੍ਰਾਮ ਪੈਕ ਦੀ ਕੀਮਤ 85 ਰੁਪਏ ਤੋਂ ਵਧ ਕੇ 87 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ 250 ਗ੍ਰਾਮ ਸਰਫ ਐਕਸਲ ਬਾਰ ਹੁਣ 45 ਰੁਪਏ ਅਤੇ 4-ਟੈਬਲੇਟ (200 ਗ੍ਰਾਮ ਈਚ) ਦਾ ਪੈਕ 155 ਰੁਪਏ ਵਿੱਚ ਉਪਲਬਧ ਹੋਵੇਗਾ।

ਮੱਧਮ ਅਤੇ ਬਜਟ-ਅਨੁਕੂਲ ਘਰਾਂ ਵਿੱਚ ਵਰਤੇ ਜਾਣ ਵਾਲੇ ਰਿਨ ਅਤੇ ਵ੍ਹੀਲ ਡਿਟਰਜੈਂਟਾਂ ਦੇ ਰੇਟ ਵੀ ਵਧਾ ਦਿੱਤੇ ਗਏ ਹਨ। 1 ਕਿਲੋਗ੍ਰਾਮ ਰਿਨ ਪਾਊਡਰ ਦੀ ਕੀਮਤ 120 ਰੁਪਏ ਤੋਂ ਵਧ ਕੇ 123 ਰੁਪਏ ਅਤੇ 500 ਗ੍ਰਾਮ ਪੈਕ ਦੀ ਕੀਮਤ 61 ਰੁਪਏ ਤੋਂ ਵਧ ਕੇ 63 ਰੁਪਏ ਹੋ ਗਈ ਹੈ। ਰਿਨ ਆਲਾ (500 ਮਿ.ਲੀ.) ਵੀ 90 ਰੁਪਏ ਤੋਂ ਵਧ ਕੇ 95 ਰੁਪਏ ਦਾ ਹੋ ਗਿਆ ਹੈ। ਵ੍ਹੀਲ ਪਾਊਡਰ 1 ਕਿਲੋਗ੍ਰਾਮ ਦੀ ਕੀਮਤ 90 ਰੁਪਏ ਤੋਂ ਵਧ ਕੇ 93 ਰੁਪਏ ਅਤੇ 500 ਗ੍ਰਾਮ ਪੈਕ ਦੀ ਕੀਮਤ 46 ਰੁਪਏ ਤੋਂ ਵਧ ਕੇ 47 ਰੁਪਏ ਹੋ ਗਈ ਹੈ।

ਡਿਟਰਜੈਂਟ ਤੋਂ ਇਲਾਵਾ HUL ਨੇ ਆਪਣੇ ਪ੍ਰੀਮੀਅਮ ਨਹਾਉਣ ਵਾਲੇ ‘ਮੋਤੀ ਗੁਲਾਬ ਸਾਬਣ’ (150 ਗ੍ਰਾਮ) ਦੀ ਕੀਮਤ ਵਿੱਚ ਵੀ 10 ਫੀਸਦੀ ਤੋਂ ਵੱਧ ਦਾ ਵਾਧਾ ਕਰਦਿਆਂ ਇਸ ਨੂੰ 74 ਰੁਪਏ ਤੋਂ ਵਧਾ ਕੇ 82 ਰੁਪਏ ਕਰ ਦਿੱਤਾ ਹੈ। ਕੰਪਨੀ ਦੀ ਐੱਮਡੀ ਅਤੇ ਸੀਈਓ ਪ੍ਰਿਆ ਨਾਇਰ ਅਨੁਸਾਰ ਕੱਚੇ ਤੇਲ ਅਤੇ ਪੈਕੇਜਿੰਗ ਰਸਾਇਣਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ।

Leave a Reply

Your email address will not be published. Required fields are marked *

View in English