ਕਪੂਰਥਲਾ, 10 ਨਵੰਬਰ, 2026: ਕਪੂਰਥਲਾ ਦੇ ਥਾਣਾ ਸਿਟੀ ਅਧੀਨ ਪੈਂਦੇ ਮੁਹੱਲਾ ਮਹਿਤਾਬਗੜ੍ਹ ਵਿੱਚ ਸੋਮਵਾਰ ਰਾਤ ਇੱਕ ਦਰਦਨਾਕ ਘਟਨਾ ਵਾਪਰੀ, ਜਿੱਥੇ ਘਰ ਦੇ ਬਾਹਰ ਪਟਾਕੇ ਚਲਾ ਰਹੇ 27 ਸਾਲਾ ਪਹਿਲਵਾਨ ਮਨੀ ਦੀ ਛਾਤੀ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਿਤਾਬਗੜ੍ਹ ਨਿਵਾਸੀ ਬੱਗਾ ਸਿੰਘ ਦੇ ਪੁੱਤਰ ਮਨੀ ਵਜੋਂ ਹੋਈ ਹੈ, ਜਿਸ ਦਾ ਵਿਆਹ ਮਹਿਜ਼ ਛੇ ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ।
ਜਾਣਕਾਰੀ ਅਨੁਸਾਰ ਮਨੀ ਸਿੰਘ ਰਾਤ 8 ਵਜੇ ਦੇ ਕਰੀਬ ਆਪਣੇ ਘਰ ਦੇ ਬਾਹਰ ਪਟਾਕੇ ਚਲਾ ਰਿਹਾ ਸੀ, ਜਦੋਂ ਮੁਹੱਲੇ ਦੇ ਹੀ ਦੋ ਨੌਜਵਾਨਾਂ ਨੇ ਉੱਥੇ ਪਹੁੰਚ ਕੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਸਿੱਧੀ ਮਨੀ ਦੀ ਛਾਤੀ ਵਿੱਚ ਜਾ ਲੱਗੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਡਿੱਗ ਪਿਆ। ਉਸ ਦੇ ਦੋਸਤ ਤੁਰੰਤ ਉਸ ਨੂੰ ਸਕੂਟਰ ‘ਤੇ ਹਸਪਤਾਲ ਲੈ ਕੇ ਪਹੁੰਚੇ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਕੋਹਰਾਮ ਮਚ ਗਿਆ ਅਤੇ ਨਵ-ਵਿਆਹੁਤਾ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ।
ਘਟਨਾ ਵਾਲੀ ਥਾਂ ‘ਤੇ ਪਹੁੰਚੇ ਡੀਐੱਸਪੀ ਇਨਵੈਸਟੀਗੇਸ਼ਨ ਸ਼ੀਤਲ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਗੋਲੀਆਂ ਦੇ ਦੋ ਖੋਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਅਨੁਸਾਰ ਮੁਲਜ਼ਮਾਂ ਨੇ ਗੋਲੀ ਕਿਸੇ ਹੋਰ ‘ਤੇ ਚਲਾਈ ਸੀ, ਪਰ ਅਚਾਨਕ ਵਿਚਕਾਰ ਆਉਣ ਕਾਰਨ ਗੋਲੀ ਗਲਤੀ ਨਾਲ ਮਨੀ ਨੂੰ ਲੱਗ ਗਈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।







