ਪੱਛਮੀ ਬੰਗਾਲ: 17 ਸਾਲਾ ਨਾਬਾਲਗ ਵਿਦਿਆਰਥਣ ਨਾਲ ਬਲਾਤਕਾਰ ਤੇ ਕਤਲ ਦਾ ਮੁੱਖ ਦੋਸ਼ੀ ਪੁਲਿਸ ਮੁਕਾਬਲੇ ਵਿੱਚ ਹਲਾਤ, ਰਿਵਾਲਵਰ ਖੋਹ ਕੇ ਭੱਜਣ ਦੀ ਕਰ ਰਿਹਾ ਸੀ ਕੋਸ਼ਿਸ਼

ਕੋਲਕਾਤਾ, 27 ਅਕਤੂਬਰ, 2026: ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਗੈਘਾਟਾ ਇਲਾਕੇ ਵਿੱਚ 17 ਸਾਲਾ ਨਾਬਾਲਗ ਵਿਦਿਆਰਥਣ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਦਾ ਮੁੱਖ ਦੋਸ਼ੀ ਪ੍ਰਹਿਲਾਦ ਦਾਸ ਮੰਗਲਵਾਰ ਸਵੇਰੇ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਟੀਮ ਦੋਸ਼ੀ ਨੂੰ ਲੈ ਕੇ ਮਾਮਲੇ ਦੀ ਜਾਂਚ ਅਤੇ ਪੁੱਛਗਿੱਛ ਕਰ ਰਹੀ ਸੀ, ਇਸੇ ਦੌਰਾਨ ਮੁਲਜ਼ਮ ਨੇ ਅਚਾਨਕ ਇੱਕ ਪੁਲਿਸ ਅਧਿਕਾਰੀ ਦੀ ਸਰਵਿਸ ਰਿਵਾਲਵਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਪਾਰਟੀ ‘ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਵੱਲੋਂ ਆਤਮ-ਰੱਖਿਆ ਵਿੱਚ ਕੀਤੀ ਗਈ ਜਵਾਬੀ ਫਾਇਰਿੰਗ ਦੌਰਾਨ ਮੁਲਜ਼ਮ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਬੋਨਗਾਓਂ ਸੁਪਰ ਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜ਼ਿਕਰਯੋਗ ਹੈ ਕਿ ਬੀਤੀ 24 ਅਕਤੂਬਰ ਨੂੰ ਗੈਘਾਟਾ ਵਿੱਚ ਆਪਣੇ ਪਰਿਵਾਰ ਨਾਲ ਇੱਕ ਸਮਾਗਮ ਵਿੱਚ ਸ਼ਾਮਲ ਹੋਈ 17 ਸਾਲਾ ਵਿਦਿਆਰਥਣ ਫ਼ੋਨ ਆਉਣ ‘ਤੇ ਬਾਹਰ ਗਈ ਸੀ ਪਰ ਵਾਪਸ ਨਹੀਂ ਪਰਤੀ ਅਤੇ ਅਗਲੇ ਦਿਨ ਉਸ ਦੀ ਲਾਸ਼ ਇੱਕ ਗੁਆਂਢੀ ਦੇ ਘਰ ਦੇ ਬਾਥਰੂਮ ਨੇੜੋਂ ਬਰਾਮਦ ਹੋਈ ਸੀ। ਪੀੜਤ ਪਰਿਵਾਰ ਦੇ ਦੋਸ਼ਾਂ ਅਤੇ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਮ੍ਰਿਤਕਾ ਦੇ ਦੂਰ ਦੇ ਰਿਸ਼ਤੇਦਾਰ ਅਤੇ ਗੁਆਂਢੀ ਪ੍ਰਹਿਲਾਦ ਦਾਸ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਨੇ ਪੁੱਛਗਿੱਛ ਦੌਰਾਨ ਲੜਕੀ ਦੀ ਮਾਂ ਨਾਲ ਪੁਰਾਣੀ ਰੰਜਿਸ਼ ਅਤੇ ਨਫ਼ਰਤ ਕਾਰਨ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਸੀ।

Leave a Reply

Your email address will not be published. Required fields are marked *

View in English