ਹੁਣ ਫਿਲਮਾਂ ਤੇ ਸੀਰੀਅਲਾਂ ‘ਚ ਨਹੀਂ ਦਿਖਣਗੇ ਸਿੱਖ ਵਿਆਹ ਦੇ ਦ੍ਰਿਸ਼, ਲੱਗੀ ਪਾਬੰਦੀ

ਫੈਕਟ ਸਮਾਚਾਰ ਸੇਵਾ

ਅੰਮ੍ਰਿਤਸਰ , ਜੁਲਾਈ 11

ਆਉਣ ਵਾਲੇ ਸਮੇਂ ਵਿੱਚ ਦੇਸ਼ਵਾਸੀ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਆਨੰਦ ਕਾਰਜ ਦੇ ਦ੍ਰਿਸ਼ ਨਹੀਂ ਦੇਖ ਸਕਣਗੇ ਅਤੇ ਨਾ ਹੀ ਗੁਰਦੁਆਰਾ ਸਾਹਿਬਾਨ ਦੇ ਸੈੱਟਾਂ ਦੀ ਵਰਤੋਂ ਕਰਕੇ ਅਜਿਹੇ ਦ੍ਰਿਸ਼ ਫਿਲਮਾਏ ਜਾਣਗੇ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਗੁਰਦੁਆਰਾ ਸਾਹਿਬਾਨ ਦੇ ਸੈੱਟ ਤਿਆਰ ਕਰਕੇ ਇਸ ਵਿੱਚ ਆਨੰਦ ਕਾਰਜ ਦੀ ਫਿਲਮ ਬਣਾਉਣ ‘ਤੇ ਪਾਬੰਦੀ ਲਾਉਣ ਦੀ ਤਿਆਰੀ ਕਰ ਲਈ ਹੈ। ਇੰਨਾ ਹੀ ਨਹੀਂ ਇਸ ਨੂੰ ਠੋਸ ਰੂਪ ਦੇਣ ਲਈ ਜਲਦੀ ਹੀ ਜਥੇਦਾਰ ਰਘਬੀਰ ਸਿੰਘ ਦੀ ਅਗਵਾਈ ਹੇਠ ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਦੀ ਮੀਟਿੰਗ ਹੋ ਸਕਦੀ ਹੈ। ਇਸ ਮੀਟਿੰਗ ਵਿੱਚ ਸਿੰਘ ਸਾਹਿਬਾਨ ਵੱਲੋਂ ਪਾਬੰਦੀ ਸਬੰਧੀ ਸਿੱਖ ਪੰਥ ਨੂੰ ਫ਼ਰਮਾਨ ਜਾਰੀ ਕੀਤਾ ਜਾ ਸਕਦਾ ਹੈ।

ਮੁਹਾਲੀ ਵਿਖੇ ਪੰਜਾਬੀ ਟੀਵੀ ਸੀਰੀਅਲ ‘ਉਡਾਰੀਆਂ’ ਦੀ ਸ਼ੂਟਿੰਗ ਗੁਰਦੁਆਰਾ ਸਾਹਿਬਾਨ ਦਾ ਸੈੱਟ ਤਿਆਰ ਕਰਕੇ ਸ੍ਰੀ ਆਨੰਦ ਕਾਰਜ ਦੇ ਦ੍ਰਿਸ਼ ਨੂੰ ਫਿਲਮਾਏ ਜਾਣ ਤੋਂ ਨਾਰਾਜ਼ ਜਥੇਦਾਰ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਤੋਂ ਇਸ ਘਟਨਾ ਦੀ ਸਮੁੱਚੀ ਰਿਪੋਰਟ ਵੀ ਤਲਬ ਕੀਤੀ ਹੈ। ਜ਼ਿਕਰਯੋਗ ਹੈ ਕਿ ਜਿਵੇਂ ਹੀ ਨਿਹੰਗਾਂ ਨੂੰ 8 ਜੁਲਾਈ ਨੂੰ ਮੁਹਾਲੀ ‘ਚ ਸ਼ੂਟਿੰਗ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਸ਼ੂਟਿੰਗ ਬੰਦ ਕਰਵਾ ਦਿੱਤੀ।

ਨਿਹੰਗਾਂ ਦੇ ਹੰਗਾਮੇ ਤੋਂ ਬਾਅਦ ਪੁਲਿਸ ਨੇ ਆ ਕੇ ਮਾਮਲਾ ਸ਼ਾਂਤ ਕਰਵਾਇਆ ਅਤੇ ਸ਼ੂਟਿੰਗ ਬੰਦ ਕਰਵਾਈ। ਜਥੇਦਾਰ ਨੇ ਕਿਹਾ ਕਿ ਸਿੱਖ ਸੰਪਰਦਾ ਵੱਲੋਂ ਪਹਿਲਾਂ ਵੀ ਅਜਿਹੇ ਫਰਜ਼ੀ ਵਿਆਹਾਂ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਹੁਣ ਇਸ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਜਥੇਦਾਰ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਫਰਜ਼ੀ ਵਿਆਹ ਅਤੇ ਆਨੰਦ ਕਾਰਜ ਦੀ ਸ਼ੂਟਿੰਗ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Leave a Reply

Your email address will not be published. Required fields are marked *

View in English