ਫੈਕਟ ਸਮਾਚਾਰ ਸੇਵਾ
ਸ਼ਿਮਲਾ , ਅਗਸਤ 13
ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਜ਼ਮੀਨ ਖਿਸਕਣ ਅਤੇ ਦਰੱਖਤ ਡਿੱਗਣ ਕਾਰਨ ਸੜਕਾਂ ਜਾਮ ਹੋ ਗਈਆਂ ਹਨ। ਦੂਜੇ ਪਾਸੇ ਮੰਡੀ ਵਿੱਚ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਸੂਬੇ ਦੀਆਂ 452 ਸੜਕਾਂ ‘ਤੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਹੈ। ਦਰਜਨਾਂ ਪਿੰਡਾਂ ਵਿੱਚ ਬਿਜਲੀ ਗੁੱਲ ਹੈ। 1814 ਬਿਜਲੀ ਟਰਾਂਸਫਾਰਮਰ ਅਤੇ 59 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹਨ। ਸਭ ਤੋਂ ਵੱਧ 236 ਸੜਕਾਂ ਮੰਡੀ ਜ਼ਿਲ੍ਹੇ ਵਿੱਚ ਅਤੇ 59 ਸ਼ਿਮਲਾ ਵਿੱਚ ਬੰਦ ਹਨ। ਇਸੇ ਤਰ੍ਹਾਂ ਮੰਡੀ ਜ਼ਿਲ੍ਹੇ ਵਿੱਚ 1335 ਅਤੇ ਹਮੀਰਪੁਰ ਵਿੱਚ 445 ਬਿਜਲੀ ਦੇ ਟਰਾਂਸਫਾਰਮਰ ਖਰਾਬ ਪਏ ਹਨ।
ਸੂਬੇ ‘ਚ ਇਸ ਮਾਨਸੂਨ ਸੀਜ਼ਨ ਦੌਰਾਨ 24 ਜੂਨ ਤੋਂ 12 ਅਗਸਤ ਤੱਕ 255 ਲੋਕਾਂ ਦੀ ਮੌਤ ਹੋ ਚੁੱਕੀ ਹੈ। 290 ਜ਼ਖਮੀ ਹੋਏ ਹਨ। ਹੁਣ ਤੱਕ 935 ਘਰ ਢਹਿ ਚੁੱਕੇ ਹਨ ਅਤੇ 7758 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। 269 ਦੁਕਾਨਾਂ ਅਤੇ 2635 ਗਊਸ਼ਾਲਾਵਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮਾਨਸੂਨ ‘ਚ ਹੁਣ ਤੱਕ 6807.22 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸੂਬੇ ਵਿੱਚ ਜ਼ਮੀਨ ਖਿਸਕਣ ਦੀਆਂ 87 ਘਟਨਾਵਾਂ ਅਤੇ ਹੜ੍ਹਾਂ ਦੀਆਂ 54 ਘਟਨਾਵਾਂ ਸਾਹਮਣੇ ਆਈਆਂ ਹਨ।
ਉਧਰ ਰਾਜਧਾਨੀ ਸ਼ਿਮਲਾ ‘ਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਕਈ ਥਾਵਾਂ ‘ਤੇ ਦਰੱਖਤ ਡਿੱਗਣ ਅਤੇ ਜ਼ਮੀਨ ਖਿਸਕਣ ਕਾਰਨ ਸੜਕਾਂ ਜਾਮ ਹੋ ਗਈਆਂ ਹਨ। ਸ਼ਹਿਰ ਵਿੱਚ ਦੋ ਦਰਜਨ ਦੇ ਕਰੀਬ ਦਰੱਖਤ ਡਿੱਗ ਪਏ ਹਨ। ਇਸ ਕਾਰਨ ਇਮਾਰਤਾਂ, ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ।







