ਫੈਕਟ ਸਮਾਚਾਰ ਸੇਵਾ
ਰੋਹਤਕ, ਜੂਨ 8
ਹਰਿਆਣਾ ‘ਚ ਆਮ ਆਦਮੀ ਪਾਰਟੀ 2024 ਦੀਆਂ ਚੋਣਾਂ ਲਈ ਬਾਂਗੜ ਦੀ ਧਰਤੀ ਜੀਂਦ ਤੋਂ ਆਪਣਾ ਬਿਗਲ ਵਜਾਏਗੀ। ਜਿਸ ਲਈ ਆਮ ਆਦਮੀ ਪਾਰਟੀ ਜੀਂਦ ਵਿੱਚ ਪੈਦਲ ਤਿਰੰਗਾ ਯਾਤਰਾ ਕੱਢੇਗੀ। ‘ਆਪ’ ਨੇ ਤਿਰੰਗਾ ਯਾਤਰਾ ਨੂੰ ਸਫ਼ਲ ਬਣਾਉਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ ਹੈ। ‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਿਰੰਗਾ ਯਾਤਰਾ ਦੇ ਨਾਂ ਨਾਲ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ।
ਆਮ ਆਦਮੀ ਪਾਰਟੀ ਅੱਜ ਦੁਪਹਿਰ 3 ਵਜੇ ਜੀਂਦ ਸ਼ਹਿਰ ਵਿੱਚ ਰੋਡ ਸ਼ੋਅ ਕਰੇਗੀ। ਰੋਡ ਸ਼ੋਅ ਕੁੰਦਨ ਸਿਨੇਮਾ ਤੋਂ ਸ਼ੁਰੂ ਹੋ ਕੇ ਐਸਡੀ ਸਕੂਲ ਤੱਕ ਹੋਵੇਗਾ। ਇਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਿਰਕਤ ਕਰਨਗੇ। ਰੋਡ ਸ਼ੋਅ ਇੱਕ ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰੇਗਾ। ਇਸ ਦੌਰਾਨ ਵੱਡੀ ਗਿਣਤੀ ‘ਚ ‘ਆਪ’ ਵਰਕਰ ਜੀਂਦ ਸ਼ਹਿਰ ਦੀਆਂ ਸੜਕਾਂ ‘ਤੇ ਨਜ਼ਰ ਆਉਣਗੇ।
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਡਾ: ਸੁਸ਼ੀਲ ਗੁਪਤਾ, ਪ੍ਰਚਾਰ ਕਮੇਟੀ ਦੇ ਮੁਖੀ ਡਾ: ਅਸ਼ੋਕ ਤੰਵਰ, ਸੂਬਾ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਰੋਡ ਸ਼ੋਅ ਦੀਆਂ ਤਿਆਰੀਆਂ ‘ਚ ਲੱਗੇ ਹੋਏ ਹਨ | ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਵਜ਼ੀਰ ਢਾਂਡਾ ਨੇ ਦਾਅਵਾ ਕੀਤਾ ਕਿ ਸ਼ਾਮ 3:00 ਤੋਂ 5:00 ਵਜੇ ਤੱਕ ਜੀਂਦ ਸ਼ਹਿਰ ਦੀਆਂ ਸੜਕਾਂ ’ਤੇ 20,000 ਲੋਕ ਨਜ਼ਰ ਆਉਣਗੇ। ‘ਆਪ’ ਦੀ ਜੀਂਦ ਤੋਂ ਚੋਣ ਲੜਨ ਦੀ ਇਹ ਪਹਿਲੀ ਸ਼ੁਰੂਆਤ ਹੋਵੇਗੀ। ਰੋਡ ਸ਼ੋਅ ਜਿੱਥੋਂ ਸ਼ੁਰੂ ਹੋਵੇਗਾ, ਉਸ ਥਾਂ ‘ਤੇ ਚਾਰ ਸਵਾਗਤੀ ਗੇਟ ਬਣਾਏ ਗਏ ਹਨ।







