ਸੰਤ ਸੀਚੇਵਾਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ 50 ਲੱਖ ਦੀ ਗ੍ਰਾਂਟ ਦਾ ਐਲਾਨ

ਫੈਕਟ ਸਮਾਚਾਰ ਸੇਵਾ

ਸੁਲਤਾਨਪੁਰ ਲੋਧੀ, ਸਤੰਬਰ 4

ਪੰਜਾਬ ਵਿੱਚ ਆਏ ਹੜ੍ਹਾਂ ਦੇ ਦਰਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਿਆ ਪੀੜਤ ਲੋਕਾਂ ਦੀ ਮਦੱਦ ਵਾਸਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਅਖਤਿਆਰੀ ਫੰਡਜ਼ ਵਿੱਚੋਂ 50 ਲੱਖ ਰੁਪੈ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਇਸ ਗ੍ਰਾਂਟ ਵਿੱਚੋਂ 5 ਪਿੰਡਾਂ ਨੂੰ ਕਿਸ਼ਤੀਆਂ ਅਤੇ ਪੀਣ ਵਾਲੇ ਪਾਣੀ ਦੇ ਟੈਂਕਰ ਲੈ ਕੇ ਦਿੱਤੇ ਜਾ ਰਹੇ ਹਨ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੁੱਝ ਦਿਨ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਹਾਜ਼ਰੀ ਵਿੱਚ ਮੋਟਰ ਬੋਟ ਦੇਣ ਦਾ ਐਲਾਨ ਕੀਤਾ ਸੀ। ਇਹਨਾਂ ਪਿੰਡਾਂ ਵਿੱਚ ਸੰਤ ਸੀਚੇਵਾਲ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਸਾਂਗਰਾ, ਆਹਲੀ ਕਲਾਂ ਅਤੇ ਰਾਮਪੁਰ ਗੋਹਰਾ ਨੂੰ ਗ੍ਰਾਂਟ ਜਾਰੀ ਕਰ ਦਿੱਤੀ ਹੈ। ਇਸੇ ਤਰ੍ਹਾਂ ਮਾਝੇ ਖੇਤਰ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੜ੍ਹ ਦੌਰਾਨ ਮਚੀ ਤਬਾਹੀ ਦੌਰਾਨ ਪੀੜਤ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਆ ਰਹੀ ਕਿੱਲਤ ਨੂੰ ਦੂਰ ਕਰਨ ਲਈ ਉਹਨਾਂ ਵੱਲੋਂ ਅਜਨਾਲੇ ਦੇ 4 ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਦਿੱਤੇ ਹਨ। ਉਹਨਾਂ ਵੱਲੋਂ ਹੁਣ ਤੱਕ ਆਪਣੇ ਅਖਤਿਆਰੀ ਫੰਡਜ਼ ਵਿੱਚੋਂ 43 ਲੱਖ ਤੋਂ ਵੱਧ ਪੈਸੇ ਜਾਰੀ ਕਰ ਦਿੱਤੇ ਹਨ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਹ ਹਮੇਸ਼ਾ ਹੜ੍ਹਾਂ ਪੀੜਤਾਂ ਦੀ ਸਹਾਇਤਾ ਲਈ ਖੜ੍ਹੇ ਹਨ। ਉਹਨਾਂ ਦੱਸਿਆ ਕਿ ਸਤਲੁਜ ਦਰਿਆ ਦੇ ਤਿੰਨ ਵਾਰ ਟੁੱਟੇ ਧੁੱਸੀ ਬੰਨ੍ਹ ਦੇ ਨੇੜੇ ਵਸੇ ਪਿੰਡਾਂ ਦੇ ਲੋਕਾਂ ਦਾ ਦਰਦ ਉਹ ਨੇੜਿਓ ਜਾਣਦੇ ਹਨ। ੳੇੁਹਨਾਂ ਕਿਹਾ ਕਿ 24 ਦਿਨਾਂ ਤੋਂ ਪਾਣੀ ਵਿੱਚ ਘਿਰੇ ਲੋਕਾਂ ਦਾ ਜੀਵਨ ਬੜਾ ਸੰਕਟ ਮਈ ਹੈ। ਉਹਨਾਂ ਦੱਸਿਆ ਕਿ ਉਹ 11 ਅਗਸਤ ਤੋਂ ਲਗਾਤਰ ਹੜ੍ਹ ਪੀੜਤਾਂ ਦੀ ਸਹਾਇਤਾ ਵਿੱਚ ਹਾਜ਼ਰ ਸਨ। ਸੰਤ ਸੀਚੇਵਾਲ ਨੇ ਹੜ੍ਹ ਪੀੜਤਾਂ ਦੀ ਮਦੱਦ ਲਈ ਸਮਾਨ ਲੈ ਕੇ ਆਉਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਪੰਜਾਬ ਦੇ ਲੋਕ ਹੜ੍ਹਾਂ ਦੌਰਾਨ ਇੱਕ ਦੂਜੇ ਦੀ ਮਦੱਦ ਕਰਕੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਆਤਮਸਾਤ ਕਰ ਰਹੇ ਹਨ।

ਸੰਤ ਸੀਚੇਵਾਲ ਨੇ ਦੂਰ ਦਰਾਂਡੇ ਤੋਂ ਰਾਹਤ ਸਮੱਗਰੀ ਲੈ ਕੇ ਆਉਣ ਵਾਲਿਆਂ ਦੀ ਸਹੂਲਤ ਤੇ ਹੜ੍ਹ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਮੋਬਾਇਲ ਨੰਬਰ +91 94630-60363, +91 81466-93793, +91 97818-35919 ਜਾਰੀ ਕੀਤੇ ਹਨ। ਜਿਸ ਰਾਹੀ ਉਹਨਾਂ ਨੂੰ ਸਹੀ ਜਾਣਕਾਰੀ ਮਿਲ ਸਕੇ ਕਿ ਉਹ ਰਾਹਤ ਸਮੱਗਰੀ ਲੈ ਕੇ ਕਦੋਂ ਆਉਣ। ਉਹਨਾਂ ਕਿਹਾ ਕਿ ਹੜ੍ਹਾਂ ਦੀ ਅਸਲ ਸਥਿਤੀ ਪਾਣੀ ਉਤਰਨ ਤੋਂ ਬਾਅਦ ਪਤਾ ਚੱਲੇਗੀ ਤੇ ਉਸ ਵੇਲੇ ਪੀੜਤਾਂ ਦੇ ਮੁੜ ਵਸੇਬੇ ਲਈ ਸੇਵਾ ਦੀ ਸਖਤ ਲੋੜ ਹੋਵੇਗੀ।

ਯਾਦ ਰਹੇ ਕਿ ਸੰਤ ਸੀਚੇਵਾਲ ਵੱਲੋਂ ਸਾਲ 2023 ਦੌਰਾਨ ਸ਼ਾਹਕੋਟ ਏਰੀਏ ਵਿੱਚ ਆਏ ਹੜ੍ਹਾਂ ਦੌਰਾਨ ਵੀ ਆਪਣੀ ਤਨਖਾਹ ਵਿੱਚੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਐਕਸਾਵੇਟਰ ਮਸ਼ੀਨ ਲੈ ਕੇ ਦਿੱਤੀ ਗਈ ਸੀ। ਜਿਸ ਨੇ ਉਸ ਸਮੇਂ ਧੁੱਸੀ ਬੰਨ੍ਹ ਵਿੱਚ ਆਏ 2 ਪਾੜਾਂ ਨੂੰ ਪੂਰਨ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਹੁਣ ਵੀ ਇਹ ਮਸ਼ੀਨ ਕਿਸਾਨਾਂ ਦੀ ਸਹਾਇਤਾ ਲਈ ਹੜ੍ਹਾਂ ਪੀੜਤ ਇਲਾਕਿਆਂ ਵਿੱਚ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਲੱਗੀ ਹੋਈ ਹੈ।

Leave a Reply

Your email address will not be published. Required fields are marked *

View in English