ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਅਗਸਤ 14
ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਲਾਲ ਕਿਲ੍ਹੇ ਤੋਂ ਲੈ ਕੇ ਦਿੱਲੀ ਦੀਆਂ ਸਰਹੱਦਾਂ ਤੱਕ ਸੁਰੱਖਿਆ ਦੇ ਪੁਖਤਾ ਅਤੇ ਠੋਸ ਪ੍ਰਬੰਧ ਕੀਤੇ ਗਏ ਹਨ। ਲਾਲ ਕਿਲ੍ਹੇ ਅਤੇ ਆਲੇ-ਦੁਆਲੇ ਦੀ ਸੁਰੱਖਿਆ ਲਈ 10,000 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਨਾਲ ਹੀ 1000 ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰੇ ਅਤੇ ਐਂਟੀ ਡਰੋਨ ਸਿਸਟਮ ਵੀ ਲਗਾਏ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਨਗੇ।
ਸੁਤੰਤਰਤਾ ਦਿਵਸ ਪ੍ਰੋਗਰਾਮ ‘ਚ ਵੱਡੀ ਗਿਣਤੀ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਕਿਉਂਕਿ ਇਸ ਵਾਰ ਪ੍ਰੋਗਰਾਮ ਵਿੱਚ ਕੋਵਿਡ-19 ਨੂੰ ਲੈ ਕੇ ਕੋਈ ਪਾਬੰਦੀਆਂ ਨਹੀਂ ਹਨ। ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਸਮੇਤ 1,800 ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ 20,000 ਤੋਂ ਵੱਧ ਅਧਿਕਾਰੀ ਅਤੇ ਨਾਗਰਿਕ ਆਜ਼ਾਦੀ ਦੇ ਜਸ਼ਨ ਵਿੱਚ ਹਿੱਸਾ ਲੈਣਗੇ। ਲਾਲ ਕਿਲਾ ਮੈਟਰੋ ਸਟੇਸ਼ਨ ਦਾ ਗੇਟ ਨੰਬਰ 3 ਅਤੇ 4 ਸੁਰੱਖਿਆ ਕਾਰਨਾਂ ਕਰਕੇ ਬੰਦ ਰਹੇਗਾ ਜਦਕਿ ਦੂਜੇ ਪਾਸੇ ਦੇ ਗੇਟ ਆਮ ਲੋਕਾਂ ਲਈ ਖੁੱਲ੍ਹੇ ਰਹਿਣਗੇ। ਸ਼ੱਕੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਕਰੀਬ 300 ਇਮਾਰਤਾਂ ਦੀ ਸ਼ਨਾਖਤ ਕੀਤੀ ਗਈ ਹੈ, ਜਿੱਥੇ ਆਧੁਨਿਕ ਹਥਿਆਰਾਂ ਅਤੇ ਦੂਰਬੀਨ ਵਾਲੇ ਜਵਾਨ ਤਾਇਨਾਤ ਰਹਿਣਗੇ।







