ਸਿਹਤ ਮੰਤਰੀ ਵੱਲੋਂ ਵੱਖ-ਵੱਖ ਮੰਡੀਆਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਫੈਕਟ ਸਮਾਚਾਰ ਸੇਵਾ

ਪਟਿਆਲਾ, ਅਪ੍ਰੈਲ 13

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ ਕਰਕੇ ਰਬੀ ਮਾਰਕੀਟਿੰਗ ਸੀਜ਼ਨ ਦੌਰਾਨ ਚੱਲ ਰਹੇ ਕਣਕ ਖਰੀਦ ਕਾਰਜਾਂ ਦਾ ਜਾਇਜ਼ਾ ਲਿਆ।

ਸਿਹਤ ਮੰਤਰੀ ਨੇ ਸਰਹਿੰਦ ਰੋਡ, ਪਿੰਡ ਲੰਗ, ਬਖਸ਼ੀਵਾਲ, ਲੌਟ ਅਤੇ ਮੰਡੌੜ ਸਥਿਤ ਅਨਾਜ ਮੰਡੀਆਂ ਦਾ ਦੌਰਾ ਕੀਤਾ ਅਤੇ ਕਣਕ ਦੀ ਫ਼ਸਲ ਮੰਡੀਆਂ ਵਿੱਚ ਲਿਆਉਣ ਵਾਲੇ ਕਿਸਾਨਾਂ ਸਮੇਤ ਆੜਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਕਰਕੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲਿਆ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੰਡੀਆਂ ਵਿੱਚ ਕਿਸਾਨਾਂ ਵੱਲੋਂ ਲਿਆਂਦੇ ਗਏ ਕਣਕ ਦੇ ਇੱਕ-ਇੱਕ ਦਾਣੇ ਦੀ ਖਰੀਦ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਰਾਜਸਥਾਨ ਦੀ ਤਰਜ਼ ‘ਤੇ ਖਰਾਬ ਮੌਸਮ ਕਰਕੇ ਨੁਕਸਾਨੀ ਪੰਜਾਬ ਦੀ ਕਣਕ ਦੀ ਫ਼ਸਲ ਲਈ ਵੀ ਤੁਰੰਤ ਰਾਹਤ ਪ੍ਰਦਾਨ ਕਰਦੀ। ਉਨ੍ਹਾਂ ਕਿਹਾ ਕਿ ਪਰ ਹੁਣ ਪੰਜਾਬ ਸਰਕਾਰ ਵੱਲੋਂ ਜ਼ੋਰ ਪਾਉਣ ‘ਤੇ ਕੇਂਦਰੀ ਟੀਮ ਖਰਾਬ ਫਸਲ ਦਾ ਜਾਇਜ਼ਾ ਲੈਣ ਆਈ ਹੈ, ਤੇ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਨੂੰ ਵੀ ਬਣਦੀ ਰਾਹਤ ਮਿਲੇਗੀ।

ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਕੇਂਦਰੀ ਉਪਭੋਗਤਾ ਮਾਮਲੇ, ਖਾਦ ਅਤੇ ਜਨਤਕ ਵੰਡ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਮੁਲਾਕਾਤ ਕਰਕੇ ਪੰਜਾਬ ਨਾਲ ਸੰਬੰਧਿਤ ਅਹਿਮ ਮਸਲੇ ਉਠਾਏ ਹਨ। ਇਨ੍ਹਾਂ ਵਿੱਚ ਕੈਸ਼ ਕਰੈਡਿਟ ਲਿਮਿਟ ’ਤੇ ਵੱਧ ਵਿਆਜ ਦਰਾਂ, ਰੂਰਲ ਡਿਵੈਲਪਮੈਂਟ ਫੰਡ ਦੀ ਲਗਭਗ 9,000 ਕਰੋੜ ਰੁਪਏ ਦੀ ਬਕਾਇਆ ਰਕਮ, ਭਾਰੀ ਮੀਂਹ ਅਤੇ ਔਲੇ ਪੈਣ ਨਾਲ ਨੁਕਸਾਨੀ ਫਸਲ ਲਈ ਮੁਆਵਜ਼ਾ ਅਤੇ ਆੜਤੀਆਂ ਦੀਆਂ ਲੰਬਿਤ ਮੰਗਾਂ ਸ਼ਾਮਲ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਨੇ ਖਰੀਦ ਮਾਪਦੰਡਾਂ ਵਿੱਚ ਢਿੱਲ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਭੇਦਭਾਵਪੂਰਨ ਰਵੱਈਏ ’ਤੇ ਵੀ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਰਾਜਸਥਾਨ ਨੂੰ ਸੁੰਗੜੇ ਹੋਏ ਦਾਣਿਆਂ ਲਈ ਰਾਹਤ ਦਿੱਤੀ ਗਈ, ਉੱਥੇ ਪੰਜਾਬ ਵਿੱਚ ਵੀ ਬੇਮੌਸਮੀ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਫਸਲ ਨੂੰ ਨੁਕਸਾਨ ਹੋਇਆ, ਪਰ ਸ਼ੁਰੂ ਵਿੱਚ ਇਹ ਰਾਹਤ ਨਹੀਂ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ੋਰ ਪਾਉਣ ‘ਤੇ ਹੀ ਕੇਂਦਰੀ ਟੀਮ ਭੇਜੀ ਗਈ ਹੈ।

ਕੇਂਦਰ ਸਰਕਾਰ ਦੀ ਇਸ ਨੀਤੀ ਦੀ ਆਲੋਚਨਾ ਕਰਦੇ ਹੋਏ ਡਾ. ਬਲਬੀਰ ਸਿੰਘ ਨੇ ਦੁਹਰਾਇਆ ਕਿ ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਭਗਵੰਤ ਮਾਨ ਸਰਕਾਰ ਮੰਡੀਆਂ ਵਿੱਚ ਕਣਕ ਦੀ ਸੁਚਾਰੂ ਖਰੀਦ ਅਤੇ ਲਿਫਟਿੰਗ ਯਕੀਨੀ ਬਣਾਉਣ ਅਤੇ ਕਿਸਾਨਾਂ ਦੇ ਇੱਕ-ਇੱਕ ਦਾਣੇ ਦੀ ਖਰੀਦ ਲਈ ਦ੍ਰਿੜ਼ ਸੰਕਲਪ ਹੈ।ਇਸ ਮੌਕੇ ਸੁਰੇਸ਼ ਰਾਏ, ਪਟਿਆਲਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਸਤਵਿੰਦਰ ਸਿੰਘ ਸੈਣੀ, ਏਐਫਐਸਓ ਮਨੀਸ਼ ਕੁਮਾਰ, ਜ਼ਿਲ੍ਹਾ ਪਰਿਸ਼ਦ ਮੈਂਬਰ ਪ੍ਰਿਤਪਾਲ ਸਿੰਘ ਲਚਕਾਣੀ, ਬਾਬਾ ਬਲਦੇਵ ਸਿੰਘ ਲੰਗ, ਮੇਵਾ ਸਿੰਘ, ਕਰਨ ਪੂਨੀਆ, ਹਰਪ੍ਰੀਤ ਸਿੰਘ, ਬੇਅੰਤ ਸਿੰਘ, ਸਤਵਿੰਦਰ ਸਿੰਘ ਮੰਡੌੜ, ਰਿੰਕੂ ਮੰਡੌੜ, ਬਲਕਾਰ ਸਿੰਘ ਸਰਪੰਚ ਲੌਟ, ਕਿਸਾਨ ਤੇ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *

View in English