ਫੈਕਟ ਸਮਾਚਾਰ ਸੇਵਾ
ਸ਼ਿਮਲਾ , ਅਪ੍ਰੈਲ 27
ਹਿਮਾਚਲ ਪ੍ਰਦੇਸ਼ ‘ਚ ਯੈਲੋ ਅਲਰਟ ਦੇ ਵਿਚਾਲੇ ਰਾਜਧਾਨੀ ਸ਼ਿਮਲਾ ‘ਚ ਭਾਰੀ ਬਾਰਿਸ਼ ਹੋ ਰਹੀ ਹੈ। ਸ਼ਿਮਲਾ ਵਿੱਚ ਦਿਨ ਵੇਲੇ ਹੀ ਹਨੇਰਾ ਛਾਇਆ ਹੋਇਆ ਸੀ। ਕੁੱਲੂ ਵਿੱਚ ਵੀ ਮੀਂਹ ਪੈ ਰਿਹਾ ਹੈ। ਲਾਹੌਲ, ਪਾਂਗੀ-ਭਰਮੌਰ ਦੀਆਂ ਉੱਚੀਆਂ ਚੋਟੀਆਂ ‘ਤੇ ਬਰਫਬਾਰੀ ਜਾਰੀ ਹੈ। ਕੁੱਲੂ ‘ਚ ਘਿਆਗੀ ਅਤੇ ਸੋਝਾ ਵਿਚਾਲੇ ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਰਾਜਮਾਰਗ-305 ਬੰਦ ਹੋ ਗਿਆ ਹੈ।
ਵਾਹਨਾਂ ਦੀ ਰਫ਼ਤਾਰ ਰੁਕ ਗਈ ਹੈ। ਚੁਰਾਹ ਵਿਧਾਨ ਸਭਾ ਹਲਕੇ ਦੇ ਝਝਾਕੋਠੀ ‘ਚ ਅੱਜ ਸਵੇਰੇ ਪਹਾੜੀ ‘ਚ ਦਰਾਰ ਆ ਗਈ। ਸੜਕ ਕਿਨਾਰੇ ਖੜ੍ਹੀ 108 ਐਂਬੂਲੈਂਸ ਮਲਬੇ ਦੀ ਲਪੇਟ ਵਿੱਚ ਆ ਕੇ ਸੜਕ ’ਤੇ ਪਲਟ ਗਈ। ਗਨੀਮਤ ਰਹੀ ਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਬੀਐਮਓ ਤੀਸਾ ਰਿਸ਼ੀ ਪੁਰੀ ਨੇ ਦੱਸਿਆ ਕਿ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਪਹਾੜੀ ਤੋਂ ਪੱਥਰ ਡਿੱਗਣ ਕਾਰਨ ਐਂਬੂਲੈਂਸ ਪਲਟ ਗਈ।







