ਸ਼ਹਿਰ ਦੀ ਟ੍ਰੈਫਿਕ ਵਿਵਸਥਾ ਸੁਚਾਰੂ ਬਣਾਉਣ ਲਈ ਪੁਲਿਸ ਵੱਲੋਂ ਵਿਸ਼ੇਸ਼ ਉਪਰਾਲੇ

ਫੈਕਟ ਸਮਾਚਾਰ ਸੇਵਾ

ਮਾਲੇਰਕੋਟਲਾ , ਸਤੰਬਰ 17

ਐੱਸ.ਐੱਸ.ਪੀ. ਮਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਹੋਰ ਸੁਚਾਰੂ ਬਣਾਉਣ ਅਤੇ ਆਮ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਦਿਵਾਉਣ ਲਈ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।

ਇਸੇ ਮੁਹਿੰਮ ਤਹਿਤ ਟ੍ਰੈਫਿਕ ਇੰਚਾਰਜ ਹਰਭਜਨ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਨੇੜੇ ਮੇਨ ਰੋਡ ’ਤੇ ਰੇਹੜੀਆਂ ਲਗਾਉਣ ਵਾਲਿਆਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਰੇਹੜੀ ਵਾਲਿਆਂ ਨੂੰ ਹਦਾਇਤ ਕੀਤੀ ਕਿ ਰੇਹੜੀਆਂ ਸੜਕ ਦੇ ਕਿਨਾਰੇ ਲਗਾਉਣ ਦੀ ਬਜਾਏ ਫੁੱਟਪਾਥ ਤੋਂ ਪਿੱਛੇ ਢੁੱਕਵੀਂ ਥਾਂ ’ਤੇ ਲਗਾਈਆਂ ਜਾਣ, ਤਾਂ ਜੋ ਵਾਹਨਾਂ ਦੀ ਆਵਾਜਾਈ ਦੇ ਨਾਲ-ਨਾਲ ਪੈਦਲ ਚੱਲਣ ਵਾਲੇ ਬੱਚਿਆਂ, ਬਜ਼ੁਰਗਾਂ, ਮਹਿਲਾਵਾਂ ਅਤੇ ਹੋਰ ਰਾਹਗੀਰਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।

ਉਨ੍ਹਾਂ ਰੇਹੜੀ ਵਾਲਿਆਂ ਨੂੰ ਇਹ ਵੀ ਕਿਹਾ ਕਿ ਸਮਾਨ ਖਰੀਦਣ ਲਈ ਆਉਣ ਵਾਲੇ ਗਾਹਕਾਂ ਦੇ ਵਾਹਨ ਮੇਨ ਰੋਡ ’ਤੇ ਖੜ੍ਹੇ ਨਾ ਕਰਵਾਏ ਜਾਣ, ਸਗੋਂ ਪਿੱਛੇ ਮੌਜੂਦ ਗਰਾਊਂਡ ਵਿੱਚ ਪਾਰਕ ਕਰਵਾਏ ਜਾਣ। ਇਸ ਨਾਲ ਸੜਕ ’ਤੇ ਬੇਲੋੜੀ ਭੀੜ ਘਟੇਗੀ ਅਤੇ ਟ੍ਰੈਫਿਕ ਦਾ ਨਿਰੰਤਰ ਵਹਾਅ ਬਣਿਆ ਰਹੇਗਾ। ਐਸ.ਐਸ.ਪੀ. ਹਰਕਮਲ ਸਿੰਘ ਖੱਖ ਨੇ ਸ਼ਹਿਰ ਵਾਸੀਆਂ, ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਅਤੇ ਜਨਤਕ ਥਾਵਾਂ ਤੋਂ ਨਾਜਾਇਜ਼ ਕਬਜ਼ੇ ਸਵੈ-ਇੱਛਾ ਨਾਲ ਹਟਾ ਕੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸ਼ਹਿਰ ਸਾਡਾ ਸਾਰਿਆਂ ਦਾ ਹੈ ਅਤੇ ਇਸ ਦੀਆਂ ਸੜਕਾਂ ਨੂੰ ਸੁਰੱਖਿਅਤ ਤੇ ਸੁਚਾਰੂ ਰੱਖਣਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਿਸ ਦਾ ਮਕਸਦ ਕਿਸੇ ਦੇ ਰੁਜ਼ਗਾਰ ਜਾਂ ਕਾਰੋਬਾਰ ਨੂੰ ਪ੍ਰਭਾਵਿਤ ਕਰਨਾ ਨਹੀਂ, ਬਲਕਿ ਰੁਜ਼ਗਾਰ ਦੇ ਨਾਲ ਆਮ ਨਾਗਰਿਕ ਦੇ ਸੁਰੱਖਿਅਤ ਆਵਾਜਾਈ ਦੇ ਹੱਕ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਥੋੜ੍ਹਾ ਜਿਹਾ ਸਹਿਯੋਗ ਸ਼ਹਿਰ ਨੂੰ ਟ੍ਰੈਫਿਕ ਜਾਮ ਤੋਂ ਵੱਡੀ ਰਾਹਤ ਦਿਵਾ ਸਕਦਾ ਹੈ।

ਪੁਲਿਸ ਵੱਲੋਂ ਪਹਿਲੇ ਪੜਾਅ ਤਹਿਤ ਲੋਕਾਂ ਨੂੰ ਜਾਗਰੂਕ ਕਰਕੇ ਸਹਿਯੋਗ ਦੀ ਅਪੀਲ ਕੀਤੀ ਜਾ ਰਹੀ ਹੈ। ਹਦਾਇਤਾਂ ਦੀ ਪਾਲਣਾ ਨਾ ਕਰਨ ਅਤੇ ਸੜਕ ’ਤੇ ਰੇਹੜੀ, ਸਮਾਨ ਜਾਂ ਵਾਹਨ ਖੜ੍ਹਾ ਕਰਕੇ ਆਵਾਜਾਈ ਵਿੱਚ ਰੁਕਾਵਟ ਪੈਦਾ ਕਰਨ ਵਾਲਿਆਂ ਵਿਰੁੱਧ ਨਿਯਮਾਂ ਅਨੁਸਾਰ ਚਲਾਨ ਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *

View in English