ਪਾਕਿਸਤਾਨ ਦੇ ਕੋਹਾਟ ‘ਚ ਜੁੰਮੇ ਦੀ ਨਮਾਜ਼ ਦੌਰਾਨ ਮਸਜਿਦ ਨੇੜੇ ਧਮਾਕਾ, 15 ਲੋਕਾਂ ਦੀ ਮੌਤ, ਕਈ ਜ਼ਖਮੀ

ਫੈਕਟ ਸਮਾਚਾਰ ਸੇਵਾ

ਇਸਲਾਮਾਬਾਦ , ਸਤੰਬਰ 18

ਖੈਬਰ ਪਖਤੂਨਖਵਾ ਦੇ ਕੋਹਾਟ ਜ਼ਿਲ੍ਹੇ ਦੇ ਪੁਲਿਸ ਲਾਈਨਜ਼ ਇਲਾਕੇ ਵਿੱਚ ਇੱਕ ਮਸਜਿਦ ਨੇੜੇ ਹੋਏ ਧਮਾਕੇ ਵਿੱਚ 15 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ 50 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਡਿਸਟ੍ਰਿਕਟ ਹੈੱਡਕੁਆਰਟਰ (DHQ) ਹਸਪਤਾਲ ਦੇ ਮੈਡੀਕਲ ਸੁਪਰਡੈਂਟ ਤਾਹਿਰ ਅਲੀ ਸ਼ਾਹ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਹਸਪਤਾਲ ਵਿੱਚ 15 ਮ੍ਰਿਤਕ ਦੇਹਾਂ ਅਤੇ 50 ਤੋਂ ਵੱਧ ਜ਼ਖ਼ਮੀਆਂ ਨੂੰ ਲਿਆਂਦਾ ਗਿਆ ਹੈ।

ਪੁਲਿਸ ਮੁਤਾਬਕ ਧਮਾਕਾ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਹੋਇਆ। ਧਮਾਕੇ ਕਾਰਨ ਮਸਜਿਦ ਦੇ ਬਾਹਰ ਜ਼ਮੀਨ ਵਿੱਚ ਇੱਕ ਵੱਡਾ ਟੋਆ ਬਣ ਗਿਆ। ਜ਼ਖ਼ਮੀਆਂ ਵਿੱਚ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਧਮਾਕੇ ਕਾਰਨ ਮਸਜਿਦ ਦਾ ਬਾਹਰੀ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਇੱਕ ਕੰਧ ਵੀ ਡਿੱਗ ਗਈ।

ਅਧਿਕਾਰੀਆਂ ਮੁਤਾਬਕ ਧਮਾਕੇ ਵਾਲੀ ਥਾਂ ’ਤੇ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਸਨ। ਇਸੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਕੋਹਾਟ-ਹੰਗੂ ਰੋਡ ਨੂੰ ਹਰ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਕੋਹਾਟ ਦੇ DHQ ਪ੍ਰਸ਼ਾਸਨ ਨੇ ਜ਼ਖ਼ਮੀਆਂ ਦੇ ਲਗਾਤਾਰ ਹਸਪਤਾਲ ਪਹੁੰਚਣ ਦੇ ਮੱਦੇਨਜ਼ਰ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਧਮਾਕਾਖੇਜ਼ ਸਮੱਗਰੀ ਨਾਲ ਲੱਦੇ ਇੱਕ ਵਾਹਨ ਨੂੰ ਓਲਡ ਪੁਲਿਸ ਲਾਈਨਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਧਮਾਕੇ ਦੇ ਪਿੱਛੇ ਅਸਲ ਕਾਰਨ ਬਾਰੇ ਅਜੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Leave a Reply

Your email address will not be published. Required fields are marked *

View in English