ਫੈਕਟ ਸਮਾਚਾਰ ਸੇਵਾ
ਲੁਧਿਆਣਾ , ਨਵੰਬਰ 24
ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਦੀਆਂ ਟੀਮਾਂ ਨੇ ਅੱਜ ਸਵੇਰੇ ਸ਼ਹਿਰ ਦੇ ਮਸ਼ਹੂਰ ਸਰਦਾਰ ਜਵੈਲਰਜ਼, ਨਿੱਕਾਮਲ ਜਵੈਲਰਜ਼, ਮਨੀ ਰਾਮ ਬਲਵੰਤ ਰਾਏ ਦੇ ਅਹਾਤੇ ‘ਤੇ ਛਾਪੇਮਾਰੀ ਕੀਤੀ। ਟੀਮਾਂ ਨੇ ਉਨ੍ਹਾਂ ਦੇ ਵਪਾਰਕ ਅਦਾਰਿਆਂ, ਰਿਹਾਇਸ਼ੀ ਥਾਵਾਂ ਅਤੇ ਦਫ਼ਤਰਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਆਮਦਨ ਕਰ ਅਧਿਕਾਰੀ ਕਾਰੋਬਾਰੀਆਂ ਦੇ ਰਿਕਾਰਡ ਅਤੇ ਸਟਾਕ ਦੀ ਜਾਂਚ ਕਰ ਰਹੇ ਹਨ। ਅਗਲੇਰੀ ਜਾਂਚ ਲਈ ਕਈ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਫਿਲਹਾਲ ਅਧਿਕਾਰੀ ਛਾਪੇਮਾਰੀ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੇ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਛਾਪੇਮਾਰੀ ‘ਚ ਲੁਧਿਆਣਾ ਤੋਂ ਇਲਾਵਾ ਜਲੰਧਰ, ਚੰਡੀਗੜ੍ਹ ਤੇ ਹੋਰ ਸ਼ਹਿਰਾਂ ਦੇ ਅਧਿਕਾਰੀ ਵੀ ਭਾਗ ਲੈ ਰਹੇ ਹਨ। ਇਸ ਦੌਰਾਨ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਕਿਸੇ ਨੂੰ ਵੀ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਆਮਦਨ ਕਰ ਵਿਭਾਗ ਦੇ ਅਧਿਕਾਰੀ ਕਾਰੋਬਾਰੀਆਂ ਦੇ ਸਟਾਫ਼ ਤੋਂ ਵੀ ਪੁੱਛਗਿੱਛ ਕਰ ਰਹੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਜਾਇਦਾਦ ਦੀ ਵਿਕਰੀ ਅਤੇ ਖਰੀਦਦਾਰੀ ਦਾ ਵੇਰਵਾ ਵੀ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੰਪਿਊਟਰਾਂ ‘ਚ ਫੀਡ ਡਾਟਾ ਵੀ ਡਾਊਨਲੋਡ ਕੀਤਾ ਜਾ ਰਿਹਾ ਹੈ। ਜਾਂਚ ਦੌਰਾਨ ਕਈ ਕੱਚੇ ਪਰਚਿਆਂ ਨੂੰ ਜ਼ਬਤ ਕੀਤਾ ਗਿਆ ਹੈ। ਕਾਰੋਬਾਰੀਆਂ ਦੇ ਬੈਂਕ ਖਾਤਿਆਂ ਤੇ ਲਾਕਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।







