ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜੂਨ 16
ਦਿੱਲੀ ਐਨਸੀਆਰ ‘ਚ ਤੇਜ਼ ਹਵਾ ਦੇ ਨਾਲ ਬਾਰਿਸ਼ ਸ਼ੁਰੂ ਹੋ ਗਈ ਹੈ। 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਚੱਲਣ ਨਾਲ ਦੱਖਣੀ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ‘ਚ ਬਾਰਿਸ਼ ਹੋ ਸਕਦੀ ਹੈ। ਦਿੱਲੀ ਤੋਂ ਇਲਾਵਾ ਮੌਸਮ ਵਿਭਾਗ ਨੇ ਨੋਇਡਾ, ਦਾਦਰੀ, ਗ੍ਰੇਟਰ ਨੋਇਡਾ, ਫਰੀਦਾਬਾਦ, ਮਾਨੇਸਰ ਅਤੇ ਬੱਲਭਗੜ੍ਹ ਅਤੇ ਆਸਪਾਸ ਦੇ ਇਲਾਕਿਆਂ ਸਮੇਤ ਐਨਸੀਆਰ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ ਅਨੁਸਾਰ ਅਗਲੇ 4-5 ਦਿਨਾਂ ਤੱਕ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਅੱਜ ਗੁਰੂਗ੍ਰਾਮ ਦੇ ਦਿਹਾਤੀ ਖੇਤਰਾਂ ‘ਚ ਕੁਝ ਥਾਵਾਂ ‘ਤੇ ਬਾਰਿਸ਼ ਦੀਆਂ ਬੂੰਦਾਂ ਡਿੱਗੀਆਂ, ਠੰਡੀਆਂ ਹਵਾਵਾਂ ਨੇ ਗਰਮੀ ਦਾ ਪ੍ਰਭਾਵ ਘੱਟ ਕਰ ਦਿੱਤਾ ਹੈ। ਪਿਛਲੇ ਦਿਨਾਂ ਦੇ ਮੁਕਾਬਲੇ ਤਾਪਮਾਨ ਵਿੱਚ ਚਾਰ ਡਿਗਰੀ ਦੀ ਕਮੀ ਆਈ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 37.5 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 28.7 ਡਿਗਰੀ ਦਰਜ ਕੀਤਾ ਗਿਆ।







