ਭਾਰਤ – ਪਾਕਿ ਵੰਡ ਦੌਰਾਨ ਵਿਛੜੇ ਭੈਣ-ਭਰਾ 76 ਸਾਲਾਂ ਬਾਅਦ ਮਿਲੇ

ਫੈਕਟ ਸਮਾਚਾਰ ਸੇਵਾ

ਸ਼ਾਹਕੋਟ , ਅਕਤੂਬਰ 24

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਵੰਡ ਦੌਰਾਨ ਇਕ-ਦੂਜੇ ਤੋਂ ਵੱਖ ਹੋਏ ਭਰਾ-ਭੈਣ 76 ਸਾਲਾਂ ਬਾਅਦ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮਿਲੇ। ਦੋਵਾਂ ਦੀ ਮੁਲਾਕਾਤ ਯੂਟਿਊਬ ਚੈਨਲ ਜ਼ਰੀਏ ਹੋਈ। ਪਾਕਿਸਤਾਨ ਦੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੇ ਸਾਹੀਵਾਲ ਜ਼ਿਲ੍ਹੇ ’ਚ ਰਹਿੰਦੇ ਮੁਹੰਮਦ ਇਸਮਾਇਲ (84) ਅਤੇ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੀ ਸ਼ਾਹਕੋਟ ਤਹਿਸੀਲ ਦੀ ਵਸਨੀਕ ਸੁਰਿੰਦਰ ਕੌਰ, ਜਿਸ ਦੀ ਉਮਰ ਇਸ ਸਮੇਂ 80 ਸਾਲ ਤੋਂ ਵੱਧ ਹੈ, ਦਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮਿਲਾਪ ਹੋਇਆ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਕਸਬੇ ਵਿਚ ਹੀ ਰਹਿੰਦਾ ਸੀ। 1947 ਦੀ ਜਦੋਂ ਵੰਡ ਹੋਈ ਤਾਂ ਦੰਗਿਆਂ ਦੌਰਾਨ ਇਨ੍ਹਾਂ ਦਾ ਪਰਿਵਾਰ ਵਿਛੜ ਗਿਆ ਸੀ।

ਜਦੋਂ 2019 ਵਿਚ ਕਰਤਾਰਪੁਰ ਲਾਂਘਾ ਖੁੱਲ੍ਹਿਆ ਤਾਂ ਉਸ ਤੋਂ ਬਾਅਦ ਮੁਹੰਮਦ ਇਸਮਾਈਲ ਦੀ ਕਹਾਣੀ ਪਾਕਿਸਤਾਨ ਦੇ ਇਕ ਯੂਟਿਊਬ ਚੈਨਲ ਵੱਲੋਂ ਪੋਸਟ ਕੀਤੀ ਗਈ ਸੀ। ਜਦੋਂ ਇਹ ਪੋਸਟ ਵਾਇਰਲ ਹੋਈ ਤੇ ਆਸਟੇ੍ਰਲੀਆ ਵਿਚ ਰਹਿੰਦੇ ਸਰਦਾਰ ਮਿਸ਼ਨ ਸਿੰਘ ਤੱਕ ਪਹੁੰਚੀ ਤਾਂ ਉਨ੍ਹਾਂ ਵੱਲੋਂ ਮੁਹੰਮਦ ਇਸਮਾਈਲ ਨਾਲ ਸੰਪਰਕ ਕੀਤਾ ਗਿਆ ਅਤੇ ਉਸ ਨੂੰ ਭਾਰਤ ਵਿਚ ਰਹਿੰਦੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਦਿੱਤੀ। ਸਰਦਾਰ ਮਿਸ਼ਨ ਸਿੰਘ ਨੇ ਮੁਹੰਮਦ ਇਸਮਾਈਲ ਨੂੰ ਸੁਰਿੰਦਰ ਕੌਰ ਦਾ ਟੈਲੀਫੋਨ ਨੰਬਰ ਵੀ ਦਿੱਤਾ। ਇਸ ਤੋਂ ਬਾਅਦ ਦੋਵਾਂ ਨੇ ਗੱਲਬਾਤ ਕੀਤੀ ਤੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਨਾਰੋਵਾਲ ਵਿਖੇ ਮਿਲਣ ਦਾ ਫ਼ੈਸਲਾ ਕੀਤਾ।

ਪਾਕਿਸਤਾਨ ਦੀ ਮਸ਼ਹੂਰ ਅਖ਼ਬਾਰ ਮੁਤਾਬਕ ਮੁਹੰਮਦ ਇਸਮਾਈਲ ਨੇ ਕਿਹਾ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਮਿਲਣ ਲਈ ਉਤਸੁਕ ਹੋ ਗਿਆ ਸੀ ਤੇ ਉਹ ਭਾਰਤ ਰਹਿੰਦੀ ਆਪਣੀ ਭੈਣ ਨੂੰ ਮਿਲਣ ਲਈ ਬੇਚੈਨ ਸੀ। ਉਸ ਨੇ ਗਿਲਾ ਕਰਦਿਆਂ ਕਿਹਾ ਕਿ ਭਾਰਤੀ ਅੰਬੈਸੀ ਵੱਲੋਂ ਉਸ ਨੂੰ ਵੀਜ਼ਾ ਨਹੀਂ ਜਾਰੀ ਕੀਤਾ ਗਿਆ। ਇਸਮਾਈਲ ਵੱਲੋਂ ਭਾਰਤ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਵੀਜ਼ਾ ਜਾਰੀ ਕਰਨ ਸਬੰਧੀ ਪੱਤਰ ਲਿਖਿਆ ਗਿਆ ਸੀ ਪਰ ਫਿਰ ਵੀ ਉਸਨੂੰ ਵੀਜ਼ਾ ਨਹੀਂ ਮਿਲਿਆ।

ਭਾਰਤ ’ਚ ਰਹਿੰਦੀ ਸੁਰਿੰਦਰ ਕੌਰ ਆਪਣੇ ਪਾਕਿਸਤਾਨ ਰਹਿੰਦੇ ਭਰਾ ਮੁਹੰਮਦ ਇਸਮਾਈਲ ਨੂੰ ਮਿਲ ਕੇ ਬਹੁਤ ਖੁਸ਼ ਹੋਈ। ਇਸ ਮੌਕੇ ਸੁਰਿੰਦਰ ਕੌਰ ਦੇ ਪਰਿਵਾਰਕ ਮੈਂਬਰ ਵੀ ਉਸਦੇ ਨਾਲ ਸਨ। ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਭਾਰਤ ਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਕਾਰਨ ਵੰਡ ਦੌਰਾਨ ਵਿਛੜੇ ਭੈਣ-ਭਰਾ ਮਿਲ ਰਹੇ ਹਨ। ਇਸ ਨਾਲ ਦੋਵਾਂ ਮੁਲਕਾਂ ਵਿਚ ਪਿਆਰ ਤੇ ਮੁਹੱਬਤ ਵਧੇਗੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰਾਂ ਨੂੰ ਕਰਤਾਰਪੁਰ ਸਾਹਿਬ ਜਾਂਦੇ ਭਾਰਤੀਆਂ ਨੂੰ ਉੱਥੇ ਰਹਿਣ ਲਈ ਖੁੱਲ੍ਹਾ ਸਮਾਂ ਦੇਣਾ ਚਾਹੀਦਾ ਹੈ ਜਦਕਿ ਹੁਣ ਉਸੇ ਦਿਨ ਵਾਪਸ ਵਤਨ ਪਰਤਣ ਕਰਕੇ ਕੁਝ ਘੰਟੇ ਹੀ ਮਿਲਦੇ ਹਨ।

Leave a Reply

Your email address will not be published. Required fields are marked *

View in English