ਫੈਕਟ ਸਮਾਚਾਰ ਸੇਵਾ
ਫਰੀਦਕੋਟ , ਸਤੰਬਰ 20
ਅੱਜ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਅਤੇ ਭਾਈ ਘਨੱਈਆ ਜੀ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਅਤੇ ਕਾਲਜ ਦੇ ਸਟਾਫ ਵੱਲੋਂ ਕੀਤਾ ਗਿਆ ਜਿਸ ਦਾ ਉਦਘਾਟਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨ.) ਡਾ. ਨਿਰਮਲ ਓਸੇਪਚਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਖੂਨ ਦਾਨੀਆਂ ਨਾਲ ਗੱਲਬਾਤ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਦੀਨ ਦੁੱਖੀਆਂ ਦੀ ਸੇਵਾ ਅਤੇ ਖੂਨਦਾਨ ਵਰਗੇ ਪਰ-ਉਪਕਾਰ ਕਰਨਾ ਹੀ ਸਭ ਤੋਂ ਵੱਡੀ ਇਨਸਾਨੀਅਤ ਹੈ ਜਿਸ ਨਾਲ ਲੋੜਵੰਦਾਂ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਭਾਈ ਘਨੱਈਆਂ ਕੈਂਸਰ ਰੋਕੂ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਕੇ ਵੱਧ ਤੋਂ ਵੱਧ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦੱਸਿਆਂ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਮਰੀਜਾਂ ਦੇ ਇਲਾਜ ਅਤੇ ਸਹੂਲਤਾਂ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੱਥੇ ਇਲਾਜ ਕਰਵਾਉਣ ਲਈ ਆਉਣ ਅਤੇ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਵੱਧ ਤੋਂ ਵੱਧ ਟੈਸਟ ਕਰਵਾਉਣ।
ਇਸ ਮੌਕੇ ਮੈਡੀਕਲ ਸੁਪਰਡੈਂਟ ਸੁਲੇਖ ਮਿੱਤਲ, ਪ੍ਰਿ. ਮੈਡੀਕਲ ਕਾਲਜ ਡਾ.ਰਾਜੀਵ ਸ਼ਰਮਾ, ਡਾ. ਨੀਤੂ ਕੁੱਕੜ, ਮਨਪ੍ਰੀਤ ਸਿੰਘ ਮਨੀ ਧਾਲੀਵਾਲ,ਦੀਪਕ ਸ਼ਰਮਾ ਚਰਨਾਥਲ, ਮੱਘਰ ਸਿੰਘ, ਰਾਜਪਾਲ ਸਿੰਘ ਸੰਧੂ, ਹਰੀਸ਼ ਵਰਮਾ, ਜਗਤਾਰ ਗਿੱਲ, ਗੁਰਮੀਤ ਸਿੰਘ ਸੰਧੂ, ਗਗਨਜੋਤ ਸਿੰਘ ਬਰਾੜ. ਸੁਖਜਿੰਦਰ ਸਿੰਘ ਬੱਬੂ, ਹਰਵਿੰਦਰ ਸਿੰਘ ਸਮੇਤ ਪੈਰਾ ਮੈਡੀਕਲ ਸਟਾਫ ਵੀ ਹਾਜ਼ਰ ਸੀ।







