ਭਗਵੰਤ ਮਾਨ ਭਲਕੇ ਜਲੰਧਰ ਤੋਂ ਬਨਾਰਸ ਲਈ ਰੇਲਗੱਡੀ ਨੂੰ ਕਰਨਗੇ ਰਵਾਨਾ

ਫੈਕਟ ਸਮਾਚਾਰ ਸੇਵਾ

ਜਲੰਧਰ, ਫਰਵਰੀ 1

ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਨਾਰਸ ਲਈ ਸ਼ਰਧਾਲੂਆਂ ਨਾਲ ਭਰੀ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ।

ਦੋਵੇਂ ਅਧਿਕਾਰੀਆਂ ਨੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਸਮਾਗਮ ਸਬੰਧੀ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਡੇਰਾ ਬੱਲਾਂ ਦੀ ਮੈਨੇਜਮੈਂਟ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼ਰਧਾਲੂਆਂ ਨਾਲ ਭਰੀ ਰੇਲਗੱਡੀ ਸਿਟੀ ਸਟੇਸ਼ਨ ਤੋਂ ਬਨਾਰਸ ਲਈ ਰਵਾਨਾ ਹੋਵੇਗੀ, ਜਿਸ ਨੂੰ ਲੱਖਾਂ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ।

ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਇਸ ਸਮਾਗਮ ਨੂੰ ਵੱਡੇ ਪੱਧਰ ‘ਤੇ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਹਰੇਕ ਇੰਤਜ਼ਾਮ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰੇਕ ਕਰਮਚਾਰੀ ਵੱਲੋਂ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।

ਦੋਵਾਂ ਅਧਿਕਾਰੀਆਂ ਨੇ ਸਮੁੱਚੇ ਸਮਾਗਮ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ ਦੇ ਨਿਰਦੇਸ਼ ਦਿੱਤੇ।ਉਨ੍ਹਾਂ ਵਾਹਨਾਂ ਦੀ ਪਾਰਕਿੰਗ, ਸ਼ਰਧਾਲੂਆਂ ਲਈ ਸਹੂਲਤਾਂ, ਸਟੇਜ, ਪਾਣੀ ਦੀ ਸਪਲਾਈ, ਸੈਨੀਟੇਸ਼ਨ, ਮੈਡੀਕਲ ਟੀਮਾਂ,ਕਾਨੂੰਨ ਵਿਵਸਥਾ, ਸੁਰੱਖਿਆ ਆਦਿ ਦੇ ਬੰਦੋਬਸਤ ਦਾ ਵੀ ਜਾਇਜ਼ਾ ਲਿਆ। ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਮੈਗਾ ਸਮਾਗਮ ਦੀ ਸਫ਼ਲਤਾ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਖਾਕਾ ਤਿਆਰ ਕੀਤਾ ਜਾ ਚੁੱਕਾ ਹੈ।

Leave a Reply

Your email address will not be published. Required fields are marked *

View in English