ਫੈਕਟ ਸਮਾਚਾਰ ਸੇਵਾ
ਪਟਿਆਲਾ, ਅਕਤੂਬਰ 15
ਪਟਿਆਲਾ ਦੇ ਐਨ.ਆਈ.ਐਸ ਵਿਖੇ ਚੱਲ ਰਹੀ ਦੋ ਰੋਜ਼ਾ 45ਵੀਂ ਏ.ਆਈ.ਈ.ਐਸ.ਸੀ.ਬੀ. ਅਥਲੈਟਿਕ ਮੀਟ ਅੱਜ ਸ਼ਾਨੋ ਸ਼ੌਕਤ ਨਾਲ ਆਪਣੀਆਂ ਅਮਿੱਟ ਯਾਦਾਂ ਛੱਡਦੀ ਹੋਈ ਸਮਾਪਤ ਹੋ ਗਈ। ਖੇਡਾਂ ਦੇ ਸਮਾਪਤੀ ਸਮਾਰੋਹ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਸੂਬੇ ਦੇ ਬਿਜਲੀ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸਨਮਾਨਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਵੀ ਮੌਜੂਦ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਬਿਜਲੀ ਬੋਰਡ ਵਿੱਚ 1971 ‘ਚ ਸਪੋਰਟਸ ਵਿੰਗ ਦੀ ਸ਼ੁਰੂਆਤ ਹੋਈ ਸੀ, ਪਰ 2017 ਵਿੱਚ ਇਸ ਵਿੰਗ ਨੂੰ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ 2022 ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਬਣੀ ਸਰਕਾਰ ਨੇ ਆਉਂਦਿਆਂ ਹੀ ਪੀ.ਐਸ.ਪੀ.ਸੀ.ਐਲ ਦੇ ਸਪੋਰਟਸ ਸੈੱਲ ਨੂੰ ਮੁੜ ਸੁਰਜੀਤ ਕੀਤਾ। ਇਸ ਮੌਕੇ ਉਨ੍ਹਾਂ ਹਲਕਾ ਘਨੌਰ ਦੇ ਵਿਧਾਇਕ ਤੇ ਕੌਮਾਂਤਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਗੁਰਲਾਲ ਘਨੌਰ ਵੱਲੋਂ ਸਰਕਾਰ ਬਣਦੇ ਹੀ ਪੀ.ਐਸ.ਪੀ.ਸੀ.ਐਲ ਦੇ ਸਪੋਰਟਸ ਵਿੰਗ ਨੂੰ ਦੁਬਾਰਾ ਬਹਾਲ ਕਰਨ ਦੀ ਮੰਗ ਉਠਾਈ ਗਈ ਸੀ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਇਸ ਵਿੰਗ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ, ਜਿਸ ਦਾ ਨਤੀਜਾ ਅੱਜ ਪਟਿਆਲਾ ਵਿਖੇ ਚੱਲ ਰਹੀ 45ਵੀਂ ਏ.ਆਈ.ਈ.ਐਸ.ਸੀ.ਬੀ. ਅਥਲੈਟਿਕ ਮੀਟ ਹੈ।
ਇਸ ਮੌਕੇ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਤੇ ਪੀ.ਐਸ.ਟੀ.ਸੀ.ਐਲ ਦੇ ਸਪੋਰਟਸ ਸੈੱਲ ਵਿੱਚ ਜਲਦੀ ਹੀ 60 ਖਿਡਾਰੀਆਂ ਦੀ ਭਰਤੀ ਕੀਤੀ ਜਾਵੇਗੀ ਅਤੇ ਸਪੋਰਟਸ ਸੈੱਲ ਵਿੱਚ ਲੰਬੇ ਸਮੇਂ ਤੋਂ ਰੁਕੀਆਂ ਤਰੱਕੀ ਜਲਦੀ ਹੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਡੇੜ ਸਾਲ ਵਿੱਚ ਪੀ.ਐਸ.ਪੀ.ਸੀ.ਐਲ ਅੰਦਰ 4200 ਮੁਲਾਜ਼ਮਾ ਦੀ ਭਰਤੀ ਕੀਤੀ ਗਈ ਹੈ ਤੇ ਜਲਦੀ ਹੀ 2500 ਹੋਰ ਭਰਤੀ ਕੀਤੀ ਜਾਵੇਗੀ। ਉਨ੍ਹਾਂ 10 ਸੂਬਿਆਂ ਤੋਂ ਆਏ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਵਿੱਚ ਅਹਿਮ ਸਥਾਨ ਰੱਖਦੀਆਂ ਹਨ, ਕਿਉਂਕਿ ਖੇਡਾਂ ਦਾ ਮਨੁੱਖ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਹੀ ਵੱਡੀ ਪ੍ਰਾਪਤੀ ਹੈ, ਹਾਰ ਤੇ ਜਿੱਤ ਦੋਵੇਂ ਹੀ ਮਨੁੱਖ ਨੂੰ ਬਹੁਤ ਕੁਝ ਨਵਾਂ ਸਿਖਾਉਂਦੀਆਂ ਹਨ।
ਇਸ ਮੌਕੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅਥਲੈਟਿਕ ਮੀਟ ਵਿੱਚ ਓਵਰ ਆਲ ਚੈਂਪੀਅਨ ਰਹੀ ਮਹਾਰਾਸ਼ਟਰ, ਦੂਸਰੇ ਸਥਾਨ ਤੇ ਰਹੀ ਹਰਿਆਣਾ ਅਤੇ ਤੀਸਰੇ ਸਥਾਨ ਦੇ ਰਹੀ ਪੰਜਾਬ ਦੀ ਟੀਮ ਦੇ ਖਿਡਾਰੀਆਂ ਨੂੰ ਸਨਮਾਨਤ ਕੀਤਾ।
ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵੱਲੋਂ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ (ਏਆਈਈਐਸਸੀਬੀ) ਐਥਲੈਟਿਕਸ ਮੀਟ ਦੀ ਮੇਜ਼ਬਾਨੀ ਕੀਤੀ ਜਾ ਰਹੀ ਸੀ। ਜਿਸ ਵਿੱਚ ਮਹਾਰਾਸ਼ਟਰ, ਤੇਲੰਗਾਨਾ, ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਰਾਜਸਥਾਨ, ਦਿੱਲੀ ਅਤੇ ਬੀਬੀਐਮਬੀ ਸਮੇਤ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਐਥਲੀਟਾਂ ਵੱਲੋਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਇਸ ਮੌਕੇ ਪੀਐਸਪੀਸੀਐਲ ਦੇ ਸੀਐਮਡੀ ਇੰਜ. ਬਲਦੇਵ ਸਿੰਘ ਸਰਾਂ ਨੇ ਅਥਲੀਟਾਂ ਅਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਨਿੱਘਾ ਸੁਆਗਤੀ ਭਾਸ਼ਣ ਦਿੱਤਾ ਅਤੇ ਇਸ ਵੱਕਾਰੀ ਸਮਾਗਮ ਦੀ ਮੇਜ਼ਬਾਨੀ ਕਰਨ ‘ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਪੀਐਸਪੀਸੀਐਲ ਦੇ ਡਾਇਰੈਕਟਰ (ਪ੍ਰਬੰਧਕੀ) ਸ. ਜਸਬੀਰ ਸਿੰਘ ਸੁਰ ਸਿੰਘ, ਨੇ ਸਾਰੇ ਭਾਗੀਦਾਰਾਂ ਅਤੇ ਮਹਿਮਾਨਾਂ ਦਾ ਇਸ ਦੋ ਰੋਜ਼ਾ ਅਥਲੈਟਿਕ ਮੀਟ ਵਿੱਚ ਹਿੱਸਾ ਲੈਣ ਲਈ ਧੰਨਵਾਦ ਕੀਤਾ। ਇਸ ਮੌਕੇ ਪੀ.ਐਸ.ਪੀ.ਸੀ.ਐਲ ਦੇ ਡਾਇਰੈਕਟਰ ਜਨਰੇਸ਼ਨ ਪਰਮਜੀਤ ਸਿੰਘ, ਡਾਇਰੈਕਟਰ ਕਮਰਸ਼ੀਅਲ ਰਵਿੰਦਰ ਸਿੰਘ ਸੈਣੀ, ਡਾਇਰੈਕਟਰ ਵਿੱਤ ਸੁਰਿੰਦਰ ਕੁਮਾਰ ਬੇਰੀ, ਡਾਇਰੈਕਟਰ ਤਕਨੀਕੀ ਪੀ.ਐਸ.ਟੀ.ਸੀ.ਐਲ ਵਰਦੀਪ ਸਿੰਘ ਮੰਡੇਰ, ਡਾਇਰੈਕਟਰ ਵਿੱਤ ਪੀ.ਐਸ.ਟੀ.ਸੀ.ਐਲ ਵਿਨੋਦ ਬਾਂਸਲ, ਡਿਪਟੀ ਚੀਫ਼ ਇੰਜੀਨੀਅਰ ਤੇਜਪਾਲ ਬਾਂਸਲ ਤੋਂ ਇਲਾਵਾ ਵੱਡੀ ਗਿਣਤੀ ਖਿਡਾਰੀ ਮੌਜੂਦ ਸਨ।







