ਫੈਕਟ ਸਮਾਚਾਰ ਸੇਵਾ
ਕਰਾਚੀ , ਮਈ 13
ਪਾਕਿਸਤਾਨ ਸਰਕਾਰ ਨੇ ਬੀਤੀ ਰਾਤ ਅਟਾਰੀ-ਵਾਹਗਾ ਸਰਹੱਦ ‘ਤੇ 198 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ਮਛੇਰਿਆਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਦੇਸ਼ ਦੇ ਖੇਤਰੀ ਪਾਣੀਆਂ ‘ਚ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਤੌਰ ‘ਤੇ ਮੱਛੀਆਂ ਫੜਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਕਰਾਚੀ ਦੀ ਮਲੀਰ ਜੇਲ੍ਹ ਤੋਂ ਬੀਤੀ ਸ਼ਾਮ 198 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਗਿਆ।
ਮਲੇਰ ਜੇਲ੍ਹ ਦੇ ਸੁਪਰਡੈਂਟ ਨਜ਼ੀਰ ਤੁਨੀਓ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਮਛੇਰਿਆਂ ਦੇ ਪਹਿਲੇ ਬੈਚ ਨੂੰ ਰਿਹਾਅ ਕਰ ਦਿੱਤਾ ਹੈ ਅਤੇ ਦੋ ਹੋਰ ਜੂਨ ਅਤੇ ਜੁਲਾਈ ਵਿੱਚ ਰਿਹਾਅ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਵੀਰਵਾਰ ਨੂੰ 198 ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ ਜਦਕਿ 200 ਅਤੇ 100 ਹੋਰ ਨੂੰ ਬਾਅਦ ਵਿੱਚ ਰਿਹਾਅ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ 200 ਭਾਰਤੀ ਮਛੇਰਿਆਂ ਨੂੰ ਮਲੀਰ ਜੇਲ ਤੋਂ ਰਿਹਾਅ ਕੀਤਾ ਜਾਣਾ ਸੀ ਪਰ ਇਨ੍ਹਾਂ ‘ਚੋਂ ਦੋ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ।







