ਫੈਕਟ ਸਮਾਚਾਰ ਸੇਵਾ
ਗੁਰਦਾਸਪੁਰ , ਅਪ੍ਰੈਲ 4
ਅੱਜ ਸਵੇਰ ਸਮੇਂ ਘਰ ‘ਚ ਆਪਣੀ ਪਤਨੀ ਤੇ ਪੁੱਤਰ ਨੂੰ ਮਾਰਨ ਵਾਲੇ ਪੰਜਾਬ ਪੁਲਿਸ ਦੇ ASI ਭੁਪਿੰਦਰ ਨੇ ਸ਼ਾਮ ਸਮੇਂ ਖ਼ੁਦ ਨੂੰ ਵੀ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ 3 ਵਾਰ ਖ਼ੁਦ ਨੂੰ ਗੋਲ਼ੀ ਮਾਰੀ। ਬਟਾਲਾ ਦੇ ਹਸਪਤਾਲ ਵਿਖੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਤਿੱਬੜ ਅਧੀਨ ਪੈਂਦੇ ਪਿੰਡ ਭੁੰਬਲੀ ਵਿਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪੁਲਿਸ ਮੁਲਾਜ਼ਮ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੀ ਪਤਨੀ ਤੇ ਨੌਜਵਾਨ ਪੁੱਤਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਇਹੀ ਨਹੀਂ ਉਸ ਨੇ ਆਪਣੇ ਪਾਲਤੂ ਕੁੱਤੇ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਮੁਲਾਜ਼ਮ ਇਕ ਅਧਿਕਾਰੀ ਦੀ ਸੁਰੱਖਿਆ ‘ਚ ਅੰਮ੍ਰਿਤਸਰ ਵਿੱਚ ਤਾਇਨਾਤ ਦੱਸਿਆ ਜਾਂਦਾ ਹੈ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਗੁਆਂਢ ‘ਚ ਰਹਿਣ ਵਾਲੀ ਮਨਜੀਤ ਕੌਰ ਪੁੱਤਰੀ ਸਵਰਨ ਸਿੰਘ ਗੋਲ਼ੀ ਚੱਲਣ ਦੀ ਆਵਾਜ਼ ਸੁਣ ਕੇ ਮੌਕੇ ‘ਤੇ ਪਹੁੰਚ ਗਈ। ਮੁਲਜ਼ਮ ਉਸ ਨੂੰ ਵੀ ਗੰਨ ਪੁਆਇੰਟ ’ਤੇ ਅਗਵਾ ਕਰ ਕੇ ਨਾਲ ਲੈ ਗਿਆ।







