ਨਵੰਬਰ ‘ਚ ਇਸ ਦਿਨ ਲੱਗੇਗਾ ਸਾਲ ਦਾ ਆਖਰੀ ਪੂਰਨ ਚੰਨ ਗ੍ਰਹਿਣ

ਫੈਕਟ ਸਮਾਚਾਰ ਸੇਵਾ

ਕੋਲਕਾਤਾ , ਅਕਤੂਬਰ 30

ਦੀਵਾਲੀ ਦੇ ਅਗਲੇ ਦਿਨ ਅੰਸ਼ਿਕ ਸੂਰਜ ਗ੍ਰਹਿਣ ਤੋਂ ਕਰੀਬ 15 ਦਿਨਾਂ ਬਾਅਦ ਭਾਰਤ ਅਤੇ ਦੁਨੀਆ ਦੇ ਕਈ ਹੋਰ ਦੇਸ਼ਾਂ ’ਚ 8 ਨਵੰਬਰ 2022 ਨੂੰ ਪੂਰਨ ਚੰਨ ਗ੍ਰਹਿਣ ਵਿਖਾਈ ਦੇਵੇਗਾ। ਪ੍ਰਸਿੱਧ ਖਗੋਲ ਵਿਗਿਆਨੀ ਦੇਬੀ ਪ੍ਰਸਾਦ ਦੁਆਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਰੂਸ ਤੋਂ ਇਲਾਵਾ ਏਸ਼ੀਆ ਦੇ ਕਈ ਹੋਰ ਹਿੱਸਿਆਂ, ਉੱਤਰੀ ਅਤੇ ਦੱਖਣੀ ਅਮਰੀਕਾ, ਆਸਟ੍ਰੇਲੀਆ, ਉੱਤਰੀ ਅਟਲਾਂਟਿਕ ਮਹਾਸਾਗਰ ਅਤੇ ਪ੍ਰਸ਼ਾਂਤ ਮਹਾਸਾਗਰ ਖੇਤਰ ਦੇ ਲੋਕ ਇਸ ਖਗੋਲੀ ਘਟਨਾ ਦਾ ਦੀਦਾਰ ਕਰ ਸਕਣਗੇ।

ਉਨ੍ਹਾਂ ਕਿਹਾ ਕਿ ਪੂਰਨ ਚੰਨ ਗ੍ਰਹਿਣ ਹਰ ਥਾਂ ਵਿਖਾਈ ਨਹੀਂ ਦੇਵੇਗਾ ਅਤੇ ਸ਼ੁਰੂਆਤ ’ਚ ਲਾਤਿਨ ਅਮਰੀਕਾ ਦੇ ਕੁਝ ਦੇਸ਼ਾਂ ’ਚ ਅੰਸ਼ਿਕ ਚੰਨ ਗ੍ਰਹਿਣ ਨਜ਼ਰ ਆਵੇਗਾ। ਉਨ੍ਹਾਂ ਨੇ ਕਿਹਾ ਕਿ 8 ਨਵੰਬਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜ ਕੇ 39 ਮਿੰਟ ’ਤੇ ਸ਼ੁਰੂ ਹੋਵੇਗਾ ਅਤੇ ਲੱਗਭਗ 3 ਵਜ ਕੇ 46 ਮਿੰਟ ’ਤੇ ਇਹ ਪੂਰਨ ਪੜਾਅ ’ਚ ਪਹੁੰਚ ਜਾਵੇਗਾ। ਸਾਢੇ 4 ਵਜੇ ਦੇ ਕਰੀਬ ਚੰਦਰਮਾ ਪੂਰੀ ਤਰ੍ਹਾਂ ਪ੍ਰਿਥਵੀ ਦੀ ਛਾਇਆ ਨਾਲ ਢਕਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪੂਰਨ ਗ੍ਰਹਿਣ 5 ਵਜ ਕੇ 11 ਮਿੰਟ ’ਤੇ ਖ਼ਤਮ ਹੋ ਜਾਵੇਗਾ, ਜਦਕਿ ਅੰਸ਼ਿਕ ਗ੍ਰਹਿਣ ਸ਼ਾਮ ਦੇ 6 ਵਜ ਕੇ 19 ਮਿੰਟ ਦੇ ਨੇੜੇ-ਤੇੜੇ ਖ਼ਤਮ ਹੋਵੇਗਾ।

Leave a Reply

Your email address will not be published. Required fields are marked *

View in English