ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਸਤੰਬਰ 4
ਦੇਸ਼ ਵਿੱਚ ਮਾਨਸੂਨ ਦੇ ਦੂਜੇ ਪੜਾਅ ਦੀ ਬਾਰਿਸ਼ ਜਾਰੀ ਹੈ। ਇਸ ਮੀਂਹ ਨੇ ਜਿੱਥੇ ਕੁਝ ਰਾਜਾਂ ਨੂੰ ਰਾਹਤ ਦਿੱਤੀ ਹੈ, ਉੱਥੇ ਹੀ ਕੁਝ ਰਾਜਾਂ ਵਿੱਚ ਇਹ ਮੁਸੀਬਤ ਵੀ ਪੈਦਾ ਕਰ ਰਹੀ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਤੱਕ ਦੱਖਣੀ, ਉੱਤਰੀ ਅਤੇ ਉੱਤਰ-ਪੂਰਬੀ ਭਾਰਤ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਕੁਝ ਇਲਾਕਿਆਂ ‘ਚ ਹੜ੍ਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਦੇਸ਼ ਦੇ ਇਨ੍ਹਾਂ ਸੂਬਿਆਂ ‘ਚ ਮੀਂਹ ਦਾ ਅਲਰਟ
ਅਗਲੇ 24 ਘੰਟਿਆਂ ਦੌਰਾਨ ਮੱਧ ਪ੍ਰਦੇਸ਼, ਉੱਤਰਾਖੰਡ, ਬਿਹਾਰ, ਛੱਤੀਸਗੜ੍ਹ, ਮਹਾਰਾਸ਼ਟਰ, ਗੋਆ, ਬਿਹਾਰ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਆਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਉਪ-ਹਿਮਾਲਿਆ ਪੱਛਮੀ ਬੰਗਾਲ, ਸਿੱਕਮ, ਲਕਸ਼ਦੀਪ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਅਲਰਟ ਜਾਰੀ
ਬਿਹਾਰ ਵਿੱਚ ਹੜ੍ਹ ਦਾ ਖਤਰਾ ਵੱਧ ਗਿਆ ਹੈ। ਪਿਛਲੇ ਪੰਜ ਦਿਨਾਂ ਤੋਂ ਸਰਗਰਮ ਮਾਨਸੂਨ ਕਾਰਨ ਕਟਿਹਾਰ, ਸੁਪੌਲ, ਪਟਨਾ, ਅਰਰੀਆ, ਸਹਰਸਾ, ਭਾਗਲਪੁਰ ਅਤੇ ਮੁਜ਼ੱਫਰਪੁਰ ਵਿੱਚ ਹੜ੍ਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਡਿਜ਼ਾਸਟਰ ਮੈਨੇਜਮੈਂਟ ਦਾ ਕੰਟਰੋਲ ਰੂਮ 24 ਘੰਟੇ ਗੰਗਾ, ਗੰਡਕ, ਕੋਸੀ ਦੇ ਪਾਣੀ ਦੇ ਪੱਧਰ ਦੀ ਨਿਗਰਾਨੀ ਕਰਨ ਵਿੱਚ ਲੱਗਾ ਹੋਇਆ ਹੈ ਅਤੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਐਨਡੀਆਰਐਫ ਅਤੇ ਐਸਡੀਆਰਐਫ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਨੇਪਾਲ ਦੇ ਨਾਲ ਲੱਗਦੇ ਇਲਾਕਿਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।
ਯੂਪੀ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਹੜ੍ਹ ਦਾ ਖਤਰਾ, ਪ੍ਰਯਾਗਰਾਜ ‘ਚ ਹਾਲਤ ਖਰਾਬ
ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਗੰਗਾ ਉਫਾਨ ‘ਤੇ ਹੈ, ਜਿਸ ਨਾਲ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਖੇਤਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਫਸਲਾਂ ਤਬਾਹ ਹੋ ਗਈਆਂ ਹਨ। ਇੱਥੋਂ ਤੱਕ ਕਿ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਵੜ ਗਿਆ ਹੈ। ਵਾਰਾਣਸੀ ਵਿੱਚ ਵੀ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਪ੍ਰਯਾਗਰਾਜ ‘ਚ ਹੜ੍ਹ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਪ੍ਰਯਾਗਰਾਜ ਵਿੱਚ ਹੜ੍ਹਾਂ ਦੀ ਮੁਸੀਬਤ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਸੱਤ ਹਜ਼ਾਰ ਤੋਂ ਵੱਧ ਲੋਕਾਂ ਨੇ ਰਾਹਤ ਕੈਂਪਾਂ ਵਿੱਚ ਹੀ ਸ਼ਰਨ ਲਈ ਹੈ। ਇਸ ਤੋਂ ਇਲਾਵਾ ਹਜ਼ਾਰਾਂ ਪਰਿਵਾਰ ਹੜ੍ਹਾਂ ਵਿਚ ਫਸੇ ਹੋਏ ਹਨ। ਉਨ੍ਹਾਂ ਦੇ ਘਰ ਦੀ ਪਹਿਲੀ ਮੰਜ਼ਿਲ ਪਾਣੀ ‘ਚ ਡੁੱਬੀ ਹੋਈ ਹੈ। ਚੋਰੀ ਦੇ ਡਰੋਂ ਲੋਕ ਘਰੋਂ ਨਿਕਲਣ ਨੂੰ ਤਿਆਰ ਨਹੀਂ ਹਨ।







