ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਮਈ 16
ਦਿੱਲੀ ਮੈਟਰੋ ਦੇ ਅੰਦਰ ਸਟੰਟ ਅਤੇ ਅਸ਼ਲੀਲ ਹਰਕਤਾਂ ‘ਤੇ ਨਕੇਲ ਕੱਸਣ ਲਈ ਦਿੱਲੀ ਪੁਲਿਸ ਹੁਣ ਪਹਿਲਾਂ ਤੋਂ ਨਿਰਧਾਰਤ ਸਟੇਸ਼ਨਾਂ ‘ਤੇ ਕੋਚਾਂ ਦੇ ਅੰਦਰ ਸਾਦੇ ਕੱਪੜਿਆਂ ਵਿੱਚ ਆਪਣੇ 100 ਤੋਂ ਵੱਧ ਕਰਮਚਾਰੀ ਤਾਇਨਾਤ ਕਰੇਗੀ। ਅਧਿਕਾਰੀਆਂ ਨੇ ਕਿਹਾ ਕਿ ਇਹ ਪੁਲਿਸ ਕਰਮਚਾਰੀ ਡੀਐਮਆਰਸੀ ਅਤੇ ਸੀਆਈਐਸਐਫ ਦੇ ਅਧਿਕਾਰੀਆਂ ਨਾਲ ਮਿਲ ਕੇ ਦੋਸ਼ੀਆਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਕਰਨਗੇ।
ਦਰਅਸਲ ਕੁਝ ਲੋਕ ਮੈਟਰੋ ‘ਚ ਸਟੰਟਬਾਜ਼ੀ , ਡਾਂਸ ਅਤੇ ਬਹੁਤ ਹੀ ਸ਼ਰਮਨਾਕ ਅਸ਼ਲੀਲ ਹਰਕਤਾਂ ਕਰਨ ਲੱਗ ਪੈਂਦੇ ਹਨ। ਅਜਿਹੇ ਕਈ ਵੀਡੀਓ ਵੀ ਵਾਇਰਲ ਹੋ ਚੁੱਕੇ ਹਨ। ਬਹੁਤ ਸਾਰੇ ਲੋਕ ਮੈਟਰੋ ਵਿੱਚ ਯੂਟਿਊਬ ਜਾਂ ਲਘੂ ਫਿਲਮ ਆਦਿ ਦੇ ਮਕਸਦ ਨਾਲ ਵੀਡੀਓ ਬਣਾਉਣੇ ਸ਼ੁਰੂ ਕਰ ਦਿੰਦੇ ਹਨ। ਕਈ ਵਾਰ ਉਹ ਜਨਤਕ ਤੌਰ ‘ਤੇ ਅਸ਼ਲੀਲ ਹਰਕਤਾਂ ਕਰਦੇ ਹਨ, ਜਿਸ ਕਾਰਨ ਯਾਤਰੀਆਂ ਨੂੰ ਬਹੁਤ ਬੁਰਾ ਲੱਗਦਾ ਹੈ। ਹਾਲ ਹੀ ‘ਚ ਜਦੋਂ ਮੈਟਰੋ ‘ਚ ਬੇਹੱਦ ਅਸ਼ਲੀਲਤਾ ਦਾ ਵੀਡੀਓ ਵਾਇਰਲ ਹੋਇਆ ਸੀ ਤਾਂ ਸਾਰੇ ਯਾਤਰੀਆਂ ਨੇ ਆਪਣੇ-ਆਪਣੇ ਤਰੀਕੇ ਨਾਲ ਇਤਰਾਜ਼ ਜਤਾਇਆ ਸੀ।







